-ਕਿਰਨਜੀਤ ਯਾਦਗਾਰ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਨਰਾਇਣ ਦੱਤ
ਬਰਨਾਲਾ, 11 ਅਗਸਤ ( ਨਿਰਮਲ ਸਿੰਘ ਪੰਡੋਰੀ )-ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ। ਲੋਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਇਸ ਸਮਾਗਮ ਵਿੱਚ ਜਾਗਰੂਕ ਅਤੇ ਸੰਗਰਾਮੀ ਲੋਕਾਂ ਦਾ ਲਾਮਿਸਾਲ ਇਕੱਠ ਹੋਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ, ਮੈਂਬਰਾਂ ਮਨਜੀਤ ਧਨੇਰ, ਗੁਰਮੀਤ ਸਿੰਘ ਸੁਖਪੁਰਾ,ਜਰਨੈਲ ਸਿੰਘ ਚੰਨਣਵਾਲ ਅਤੇ ਮਲਕੀਤ ਸਿੰਘ ਵਜੀਦਕੇ ਨੇ ਡਾ ਰਘੁਬੀਰ ਪ੍ਰਕਾਸ਼ ਮੈਮੋਰੀਅਲ ਐਸਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਕੀਤਾ। ਇਸ ਸਮੇਂ ਆਗੂਆਂ ਦੱਸਿਆ ਕਿ ਹਰ ਤਬਕੇ ਵਿੱਚੋਂ ਮੁਹਿੰਮ ਨੂੰ ਬਹੁਤ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਭਾਕਿਯੂ ਏਕਤਾ ਡਕੌਂਦਾ, ਇਨਕਲਾਬੀ ਕੇਂਦਰ, ਡੀਟੀਐਫ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੀਆਂ ਆਗੂ ਟੀਮਾਂ ਵੱਲੋਂ ਪੂਰੇ ਯੋਜਨਾਬੱਧ ਢੰਗ ਨਾਲ ਮੁਹਿੰਮ ਚਲਾਈ ਗਈ। ਇਸ ਸਮਾਗਮ ਦੀ ਤਿਆਰੀ ਮੁਹਿੰਮ ਦੌਰਾਨ ਸੈਂਕੜੇ ਪਿੰਡਾਂ ਅਤੇ ਸਕੂਲਾਂ ਵਿੱਚ ਆਗੂਆਂ ਕਿਹਾ ਕਿ ਔਰਤਾਂ ਉੱਪਰ ਹਰ ਆਏ ਦਿਨ ਵਧ ਰਹੇ ਜ਼ਬਰ ਜ਼ੁਲਮ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਮਨੀਪੁਰ ਦੀਆਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣਾ ਅਤੇ ਹਰਿਆਣਾ ਦੇ ਨੂਹ ਸ਼ਹਿਰ ਵਿੱਚ ਭਾਜਪਾ ਸਰਕਾਰ ਵੱਲੋਂ ਘੱਟ ਗਿਣਤੀਆਂ ਖ਼ਿਲਾਫ਼ ਜ਼ੁਲਮ ਸਭ ਹੱਦਾਂ ਬੰਨੇ ਪਾਰ ਕਰ ਗਿਆ ਹੈ। ਮਹਿਲਕਲਾਂ ਲੋਕ ਘੋਲ ਦੇ ‘ਜਬਰ ਤੇ ਟਾਕਰੇ’ ਦੇ ਸੰਗਰਾਮੀ ਵਿਰਸੇ ਦਾ ਪ੍ਰਤੀਕ ਹੈ। ਦਸ ਰੋਜ਼ਾ ਮੁਹਿੰਮ ਦੀ ਅੰਤਿਮ ਦਿਨ ਵੀ ਪਿੰਡਾਂ/ਸਕੂਲਾਂ ਵਿੱਚ ਮਰਦ-ਔਰਤਾਂ ਦੀਆਂ ਸਾਂਝੀਆਂ ਵੱਡੀਆਂ ਮੀਟਿੰਗਾਂ ਜਾਰੀ ਰਹੀਆਂ। ਵਿਦਵਾਨ ਔਰਤ ਬੁਲਾਰੇ “ਡਾ ਨਵਸ਼ਰਨ” ਅਤੇ ਪਿੰਜਰਾ ਤੋੜ ਮੁਹਿੰਮ ਦੀ ਆਗੂ “ਨਤਾਸ਼ਾ ਨਰਵਾਲ” ਇਸ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ। ਆਗੂਆਂ ਦਾਅਵਾ ਕੀਤਾ ਕਿ ਇਸ ਵਾਰ ਦਾ ਯਾਦਗਾਰ ਸਮਾਗਮ ਵਿਲੱਖਣ ਅਤੇ ਮਿਸਾਲੀ ਹੋਵੇਗਾ।
