ਬਰਨਾਲਾ,11 ਅਗਸਤ ( ਨਿਰਮਲ ਸਿੰਘ ਪੰਡੋਰੀ )-ਪੰਜਾਬ ‘ਚ ਬਦਲਾਅ ਦੀ ਸਭ ਤੋਂ ਵੱਡੀ ਮਿਸਾਲ ਵਜੋਂ ਔਰਤਾਂ ਲਈ ਸ਼ਰਾਬ ਦਾ ਸਪੈਸ਼ਲ ਠੇਕਾ ਖੁੱਲ ਚੁੱਕਿਆ ਹੈ । ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਇਹ ਠੇਕਾ ਖੁੱਲ੍ਹਿਆ ਹੈ ਜਿਸ ਉੱਪਰ “Liquor studio” ਲਿਖਿਆ ਹੋਇਆ ਹੈ ਅਤੇ ਇਸ ਬੋਰਡ ‘ਤੇ ਬਕਾਇਦਾ ” Women friendly shop” ਵੀ ਲਿਖਿਆ ਹੋਇਆ ਹੈ । ਔਰਤਾਂ ਲਈ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ‘ਆਪ ਸਰਕਾਰ’ ਨੂੰ ਨਿਸ਼ਾਨੇ ‘ਤੇ ਲਿਆ ਹੈ । ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਦੂਜੇ ਪਾਸੇ ਭਾਜਪਾ ਨੇ ਇਸਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਰਾਬ ਪ੍ਰਤੀ ਪ੍ਰੇਮ ਦੱਸਦੇ ਹੋਏ ਤੰਜ਼ ਕੀਤਾ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਨਸ਼ੇ ਨੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਪਰੰਤੂ ਹੁਣ ਆਪ ਸਰਕਾਰ ਲੋਕਾਂ ਦੀ ਗ੍ਰਹਿਸਥੀ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਗੁਰੂਆਂ ਪੀਰਾਂ ਦੀ ਧਰਤੀ ‘ਤੇ ਔਰਤਾਂ ਲਈ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਕਾਰਵਾਈ ਉਪਰ ਲੋਕ ਵੀ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਜ਼ਿਆਦਾਤਰ ਟਿੱਪਣੀਆਂ ਇਸ ਦੇ ਉਲਟ ਹੀ ਵੇਖਣ ਨੂੰ ਮਿਲ ਰਹੀਆਂ ਹਨ। ਦੂਜੇ ਪਾਸੇ ਸੱਤਾਧਾਰੀ ਪਾਰਟੀ ਵੱਲੋਂ ਅਜੇ ਤੱਕ ਇਸ ਮਾਮਲੇ ‘ਚ ਕੋਈ ਟਿੱਪਣੀ ਸਾਹਮਣੇ ਨਹੀਂ ਆਈ ।