ਚੰਡੀਗੜ੍ਹ,18 ਅਗਸਤ-ਬੀਤੇ ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ ‘ਚ ਹੜਾਂ ਦੇ ਪਾਣੀ ਦੇ ਪ੍ਰਭਾਵ ਹੇਠ ਆਏ ਪਿੰਡਾਂ ਦਾ ਦੌਰਾ ਕਰਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਨੂੰ ਸ਼ਰੇਆਮ ਝਿੜਕਣ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਹਲਕਿਆਂ ਵਿੱਚ ਮੁੱਖ ਮੰਤਰੀ ਦੇ ਆਪਣੇ ਮੰਤਰੀ ਪ੍ਰਤੀ ਅਜਿਹੇ ਵਤੀਰੇ ਨੂੰ ਹੈਰਾਨੀਜਨਕ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਦੋਂ ਮੁੱਖ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਪਿੱਛੇ ਖੜ੍ਹੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਦੇ ਕੰਨ ‘ਚ ਘੁਸਰ-ਮੁਸਰ ਕੀਤੀ ਜਿਸ ਨੂੰ ਮੁੱਖ ਮੰਤਰੀ ਅੱਖੋਂ ਪਰੋਖੇ ਕਰ ਦਿੱਤਾ ਪਰੰਤੂ ਜਦ ਮੰਤਰੀ ਜਿੰਪਾ ਨੇ ਦੂਜੀ ਵਾਰ ਫੇਰ ਮੁੱਖ ਮੰਤਰੀ ਦੇ ਕੰਨ ‘ਚ ਘੁਸਰ-ਮੁਸਰ ਕੀਤੀ ਤਾਂ ਮੁੱਖ ਮੰਤਰੀ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਸ਼ਰੇਆਮ ਮੰਤਰੀ ਜਿੰਪਾ ਨੂੰ ਝਿੜਕ ਦਿੱਤਾ। ਜਿਸ ਤੋਂ ਬਾਅਦ ਮੰਤਰੀ ਜਿੰਪਾ ਨੇ ਹੱਥ ਜੋੜ ਕੇ ਮੁੱਖ ਮੰਤਰੀ ਤੋਂ ਮਾਫ਼ੀ ਮੰਗੀ ਅਤੇ ਜਦ ਤੱਕ ਮੁੱਖ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਹੇ ਉਦੋਂ ਤੱਕ ਮੰਤਰੀ ਜੀ ਚੁੱਪ-ਚਾਪ ਖੜ੍ਹੇ ਰਹੇ। ਇਸ ਖ਼ਬਰ ਦੇ ਨਾਲ ਦਿੱਤੀਆਂ ਦੋਵੇਂ ਤਸਵੀਰਾਂ ਮੌਕੇ ਦੀ ਸਥਿਤੀ ਨੂੰ ਹੂ-ਬ-ਹੂ ਬਿਆਨ ਕਰਦੀਆਂ ਹਨ।








