Gee 98News

ਸਾਂਝੇ ਬੈਂਕ ਖਾਤੇ ‘ਚੋਂ ਜਾਰੀ ਕੀਤਾ ਚੈੱਕ ਬਾਊਂਂਸ ਹੋਣ ਸੰਬੰਧੀ ਕਾਰਵਾਈ ਬਾਰੇ ਹਾਈਕੋਰਟ ਦੀ ਅਹਿਮ ਟਿੱਪਣੀ

ਚੰਡੀਗੜ੍ਹ,4 ਦਸੰਬਰ -ਜੇਕਰ ਕਿਸੇ ਬੈਂਕ ਵਿੱਚ ਪਤੀ-ਪਤਨੀ ਦਾ ਸਾਂਝਾ ਖਾਤਾ ਹੋਵੇ ਤਾਂ ਇੱਕ ਧਿਰ ਵੱਲੋਂ ਦਸਤਖ਼ਤ ਕਰਕੇ ਜਾਰੀ ਕੀਤਾ ਚੈੱਕ ਬੈਂਕ ਵਿੱਚ ਬਾਊਂਸ ਹੋ ਜਾਵੇ ਤਾਂ ਦੂਜੀ ਧਿਰ ‘ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ। ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਜੇਕਰ ਪਤੀ ਵੱਲੋਂ ਜਾਰੀ ਕੀਤਾ ਗਿਆ ਚੈੱਕ ਬਾਊਂਸ ਹੋ ਜਾਂਦਾ ਹੈ ਤਾਂ ਪਤਨੀ ਖ਼ਿਲਾਫ਼ ਸਿਰਫ਼ ਇਸੇ ਆਧਾਰ ‘ਤੇ ਕੇਸ ਨਹੀਂ ਚਲਾਇਆ ਜਾ ਸਕਦਾ ਕਿ ਬੈਂਕ ਖਾਤਾ ਸੰਯੁਕਤ ਹੈ। ਜੇਕਰ ਚੈੱਕ ‘ਤੇ ਪਤਨੀ ਦੇ ਦਸਤਖ਼ਤ ਨਹੀਂ ਹਨ ਤਾਂ ਪਤਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ। ਦੱਸ ਦਈਏ ਕਿ ਅਜਿਹਾ ਹੀ ਮਾਮਲਾ ਮੋਹਾਲੀ ਦੀ ਰਹਿਣ ਵਾਲੀ ਇਕ ਔਰਤ ਵੱਲੋਂ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ। ਪਟੀਸ਼ਨਰ ਅਤੇ ਉਸ ਦੇ ਪਤੀ ਰਮਨ ਕੁਮਾਰ ਅਰੋੜਾ ਨੇ ਸ਼ਿਕਾਇਤਕਰਤਾ ਔਰਤ ਤੋਂ ਕਰੀਬ 5 ਲੱਖ ਰੁਪਏ ਲਏ ਸਨ,ਬਦਲੇ ਵਿਚ ਗਾਰੰਟੀ ਵਜੋਂ ਇਕ ਚੈੱਕ ਦਿੱਤਾ ਪਰ ਜਦੋਂ ਭੁਗਤਾਨ ਨਾ ਹੋਣ ਕਾਰਨ ਚੈੱਕ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਇਆ ਤਾਂ ਉਹ ਬਾਊਂਂਸ ਹੋ ਗਿਆ, ਜਿਸ ਤੋਂ ਬਾਅਦ ਅਦਾਲਤ ‘ਚ ਪਤਨੀ ਨੂੰ ਵੀ ਕਾਰਵਾਈ ਵਿੱਚ ਲੈਣ ਦੀ ਪਟੀਸ਼ਨ ਦਾਇਰ ਕੀਤੀ ਗਈ, ਜਦ ਕਿ ਇਸ ਚੈੱਕ ਉੱਪਰ ਇਕੱਲੇ ਪਤੀ ਦੇ ਹੀ ਦਸਤਖ਼ਤ ਸਨ ਪਰ ਖਾਤਾ ਸੰਯੁਕਤ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਚੈੱਕ ‘ਤੇ ਦਸਤਖ਼ਤ ਨਾ ਹੋਣ ਦੀ ਸੂਰਤ ‘ਚ ਪਤਨੀ ਵਿਰੁੱਧ ਕਾਨੂੰਨੀ ਕਾਰਵਾਈ ਦਾ ਕੋਈ ਪ੍ਰਬੰਧ ਨਹੀਂ ਹੈ। ਕਾਨੂੰਨ ਮੁਤਾਬਕ ਚੈੱਕ ‘ਤੇ ਦਸਤਖ਼ਤ ਕਰਨ ਵਾਲੇ ਨੂੰ ਹੀ ਦੋਸ਼ੀ ਬਣਾਇਆ ਜਾ ਸਕਦਾ ਹੈ। ਹਾਈਕੋਰਟ ਨੇ ਇਹ ਪਟੀਸ਼ਨ ਰੱਦ ਕਰ ਦਿੱਤਾ।

error: Content is protected !!