Gee 98News

-ਮਾਓਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਰਿਹੈ ਨੀਲਮ ਦਾ ਪਿੰਡ…!
ਚੰਡੀਗੜ੍ਹ,14 ਦਸੰਬਰ-ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੀ ਨੀਲਮ ਨਾਮ ਦੀ ਮਹਿਲਾ ਸਬੰਧੀ ਹੈਰਾਨੀਜਨਕ ਜਾਣਕਾਰੀ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਸੰਸਦ ਭਵਨ ਦੇ ਅੰਦਰ ਦੋ ਨੌਜਵਾਨ ਫੜੇ ਗਏ ਸਨ ਅਤੇ ਇੱਕ ਨੌਜਵਾਨ ਅਤੇ ਇੱਕ ਮਹਿਲਾ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਫੜੇ ਸਨ। ‌ ਸੰਸਦ ਭਵਨ ਦੇ ਬਾਹਰ ਫੜੇ ਗਏ ਦੋ ਪ੍ਰਦਰਸ਼ਨਕਾਰੀਆਂ ਵਿੱਚੋਂ ਨੀਲਮ ਮੂਲ ਰੂਪ ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਘਸੋ ਖੁਰਦ ਦੀ ਰਹਿਣ ਵਾਲੀ ਹੈ। ਨੀਲਮ ਉੱਚ ਸਿੱਖਿਆ ਪ੍ਰਾਪਤ ਹੈ। ਨੀਲਮ ਨੇ ਬੀਏ, ਐਮਏ ਅਤੇ ਐਮਫਿਲ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਉਸ ਤੋਂ ਬਾਅਦ ਉਸਨੇ ਨੈੱਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਨੀਲਮ ਨੇ ਅਧਿਆਪਕ ਭਰਤੀ ਨਾਲ ਜੁੜਿਆ CBSE ਦਾ CTET ਅਤੇ ਹਰਿਆਣਾ ਸਰਕਾਰ ਦੀ HTET ਦੀ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਅੱਜਕੱਲ੍ਹ ਉਹ ਹਿਸਾਰ ਦੇ ਇੱਕ PG ਵਿੱਚ ਰਹਿ ਕੇ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਜਾਣਕਾਰੀ ਅਨੁਸਾਰ ਨੀਲਮ ਨੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਵੀ ਬਹੁਤ ਸਰਗਰਮੀ ਨਾਲ ਭਾਗ ਲਿਆ ਸੀ। ਨੀਲਮ ਦੇ ਪਿਤਾ ਹਲਵਾਈ ਪੁਣੇ ਦਾ ਕੰਮ ਕਰਦੇ ਹਨ ਅਤੇ ਉਸਦੇ ਪਰਿਵਾਰ ਵਿੱਚ ਤਿੰਨ ਭੈਣਾਂ ਤੇ ਦੋ ਭਰਾ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਨੀਲਮ ਹਰਿਆਣਾ ਦੇ ਉਸੇ ਪਿੰਡ ਨਾਲ ਸਬੰਧ ਰੱਖਦੀ ਹੈ ਜਿਸ ਵਿੱਚ ਕਰੀਬ 17 ਸਾਲ ਪਹਿਲਾਂ ਇੱਕ ਵੱਡਾ ਕਾਂਡ ਹੋਇਆ ਸੀ। ਇਸ ਕਾਂਡ ਦੌਰਾਨ ਕੁਝ ਮਾਓਵਾਦੀ ਵਿਚਾਰਧਾਰਾ ਦੇ ਲੋਕਾਂ ਨੇ ਮਾਓਵਾਦੀ ਵਿਚਾਰਧਾਰਾ ਤਹਿਤ ਪਿੰਡ ਦੀਆਂ ਦੀਵਾਰਾਂ ‘ਤੇ ਮਾਓਵਾਦੀ ਵਿਚਾਰਧਾਰਾ ਨਾਲ ਸੰਬੰਧਿਤ “ਲੋਗੋ” ਲਿਖ ਦਿੱਤੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਪਿੰਡ ਦੇ 11 ਲੋਕਾਂ ‘ਤੇ ਦੇਸ਼ਧਰੋਹ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਭਾਵੇਂ ਕਿ ਬਾਅਦ ਵਿੱਚ ਇਹ ਮੁਕੱਦਮਾ ਖਾਰਜ ਹੋ ਗਿਆ ਸੀ। ਉਸ ਵੇਲੇ ਇਸ ਮਾਮਲੇ ਵਿੱਚ ਪਿੰਡ ਵਿੱਚ ਕਾਫੀ ਹਿੰਸਾ ਵੀ ਹੋਈ ਸੀ ਅਤੇ ਗੋਲੀਆਂ ਤੱਕ ਵੀ ਚੱਲੀਆਂ ਸਨ। ਨੀਲਮ ਦੇ ਨਾਲ PG ਵਿੱਚ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਨੀਲਮ ਰਾਜਨੀਤੀ ਵਿੱਚ ਬਹੁਤ ਰੁਚੀ ਰੱਖਦੀ ਹੈ ਤੇ ਉਹ PG ਵਿੱਚ ਰਹਿਣ ਦੌਰਾਨ ਕਈ ਕਈ ਘੰਟੇ ਪੜ੍ਹਾਈ ਵੀ ਕਰਦੀ ਸੀ। ਕੁਝ ਸਮਾਂ ਪਹਿਲਾਂ ਤੱਕ ਨੀਲਮ ਆਪਣੇ ਪਿੰਡ ਵਿੱਚ ਇੱਕ ਲਾਇਬਰੇਰੀ ਵੀ ਚਲਾਉਂਦੀ ਸੀ ਅਤੇ ਪਿੰਡ ਦੇ ਬੱਚਿਆਂ ਨੂੰ ਪੜਾਉਂਦੀ ਵੀ ਸੀ, ਪਿੰਡ ਦੇ ਲੋਕਾਂ ਨੇ ਉਸਦੀਆਂ ਸਰਗਰਮੀਆਂ ‘ਤੇ ਇਤਰਾਜ਼ ਕੀਤਾ ਜਿਸ ਤੋਂ ਬਾਅਦ ਨੀਲਮ ਨੇ ਬੱਚਿਆਂ ਨੂੰ ਪੜਾਉਣਾ ਛੱਡ ਦਿੱਤਾ ਅਤੇ ਉਹ ਪਿੰਡ ਛੱਡ ਕੇ ਚਲੀ ਗਈ। ਪਿੰਡ ਵਾਸੀਆਂ ਅਨੁਸਾਰ ਨੀਲਮ ਕਰਾਂਤੀਕਾਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਤੇ ਸਰਕਾਰ ਵਿਰੋਧੀ ਕਿਸੇ ਵੀ ਪ੍ਰਦਰਸ਼ਨ ਵਿੱਚ ਮੋਹਰੀ ਰੋਲ ਅਦਾ ਕਰਦੀ ਸੀ। ਲੋਕ ਸਭਾ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਗ੍ਰਿਫ਼ਤਾਰ ਹੋਣ ਸਬੰਧੀ ਨੀਲਮ ਦੀ ਮਾਂ ਸਰਸਵਤੀ ਦੇਵੀ ਨੇ ਕਿਹਾ ਕਿ “ਬੁੱਧਵਾਰ ਸਵੇਰੇ ਨੀਲਮ ਨੇ ਉਸਨੂੰ ਫੋਨ ਕੀਤਾ ਤੇ ਆਪਣੀਆਂ ਦਵਾਈਆਂ ਧਿਆਨ ਨਾਲ ਲੈਣ ਸਬੰਧੀ ਕਿਹਾ ਸੀ ਪਰ ਨੀਲਮ ਨੇ ਉਸ ਨੂੰ ਨਹੀਂ ਦੱਸਿਆ ਕਿ ਉਹ ਦਿੱਲੀ ਵਿੱਚ ਹੈ”। ਮਾਂ ਨੇ ਕਿਹਾ ਕਿ ਅਸੀਂ ਤਾਂ ਉਸਨੂੰ ਹਿਸਾਰ ਪੜ੍ਹਨ ਲਈ ਛੱਡਿਆ ਹੋਇਆ ਹੈ ।‌ ਸੰਸਦ ਭਵਨ ਦੇ ਬਾਹਰ ਗ੍ਰਿਫ਼ਤਾਰੀ ਤੋਂ ਬਾਅਦ ਜਦ ਪੁਲਿਸ ਨੀਲਮ ਨੂੰ ਲੈ ਕੇ ਜਾ ਰਹੀ ਸੀ ਤਾਂ ਨੀਲਮ ਨੇ ਕਿਹਾ ਕਿ “ਭਾਰਤ ਸਰਕਾਰ ਦੁਆਰਾ ਉਹਨਾਂ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ..ਉਹ ਆਪਣੇ ਹੱਕਾਂ ਦੀ ਗੱਲ ਕਰਦੇ ਹਨ ਪਰੰਤੂ ਲਾਠੀਚਾਰਜ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਉਹਨਾਂ ਕੋਲੇ ਹੋਰ ਪ੍ਰਦਰਸ਼ਨ ਕਰਨ ਦਾ ਕੋਈ ਰਾਹ ਨਹੀਂ ਇਸੇ ਕਰਕੇ ਸੰਸਦ ਪੁੱਜ ਕੇ ਪ੍ਰਦਰਸ਼ਨ ਕੀਤਾ। ਨੀਲਮ ਨੇ ਕਿਹਾ ਕਿ ਉਹ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹਨ..ਉਹ ਵਿਦਿਆਰਥੀ ਹਨ ਅਤੇ ਬੇਰੁਜ਼ਗਾਰ ਹਨ, ਉਹਨਾਂ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ,ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ..ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ,ਨੀਲਮ ਨੇ ਇਹ ਵੀ ਕਿਹਾ ਕਿ “ਇਹ ਤਾਨਾਸ਼ਾਹੀ ਨਹੀਂ ਚਲੇਗੀ”। ਸੰਸਦ ਭਵਨ ਦੇ ਬਾਹਰ ਨੀਲਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਏਜੰਸੀਆਂ ਉਸਦੇ ਪਿੰਡ ਅਤੇ ਹਿਸਾਰ, ਜਿੱਥੇ ਨੀਲਮ PG ਵਿੱਚ ਰਹਿੰਦੀ ਸੀ, ਪੁੱਜ ਕੇ ਨੀਲਮ ਦੀ ਬੈਕਗਰਾਉਂਡ ਸਬੰਧੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਹੋਈ ਹੈ। ਭਾਰਤੀ ਏਜੰਸੀਆਂ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਵੀ ਨੀਲਮ ਦੀ ਭੂਮਿਕਾ ‘ਤੇ ਜਾਂਚ ਕਰ ਰਹੀਆਂ ਹਨ।

Leave a Reply

Your email address will not be published. Required fields are marked *

error: Content is protected !!