ਚੰਡੀਗੜ੍ਹ,19 ਮਾਰਚ, Gee98 news service
-ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਔਰਤ ਦਾ ਕੈਨੇਡਾ ਵਿੱਚ ਉਸਦੇ ਪਤੀ ਨੇ ਕਤਲ ਕਰ ਦਿੱਤਾ, ਕਤਲ ਦੀ ਇਸ ਘਟਨਾ ਦਾ ਇੱਕ ਪੱਖ ਇਹ ਵੀ ਹੈ ਕਿ ਦੋਸ਼ੀ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਦਿੱਤੀ। ਦੋਸ਼ੀ ਪਤੀ ਅਜੇ ਪੰਜ ਕੁ ਦਿਨ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਪੁੱਜਿਆ ਸੀ। ਮ੍ਰਿਤਕ ਔਰਤ ਦੇ ਪਿਤਾ ਹਿੰਮਤ ਸਿੰਘ ਵਾਸੀ ਪਿੰਡ ਮੱਲਾ ਤਹਿਸੀਲ ਜਗਰਾਓ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ (41) ਦਾ ਵਿਆਹ ਜਗਪ੍ਰੀਤ ਸਿੰਘ ਉਰਫ ਰਾਜੂ ਵਾਸੀ ਪੱਖੋਵਾਲ ਰੋਡ ਲੁਧਿਆਣਾ ਨਾਲ ਸਾਲ 2000 ਵਿੱਚ ਹੋਇਆ ਸੀ। ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਬਲਵਿੰਦਰ ਕੌਰ ਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ ਪਰੇਸ਼ਾਨ ਕਰਦੇ ਰਹੇ ਸਨ ਪ੍ਰੰਤੂ ਉਹ ਚਾਰ ਧੀਆਂ ਦਾ ਬਾਪ ਹੋਣ ਕਾਰਨ ਬਲਵਿੰਦਰ ਕੌਰ ਦੇ ਸਹੁਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਿਆ ਕਿਉਂਕਿ ਜੇਕਰ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਬਾਕੀ ਧੀਆਂ ਦੀ ਜਾਨ ਦਾਅ ‘ਤੇ ਲੱਗ ਜਾਣੀ ਸੀ ਇਸੇ ਕਰਕੇ ਉਹ ਚੁੱਪ ਰਿਹਾ। ਉਸਨੇ ਦੱਸਿਆ ਕਿ ਉਸ ਦੀ ਬੇਟੀ ਬਲਵਿੰਦਰ ਕੌਰ ਦੇ ਦੋ ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ। ਜਿਨਾਂ ਵਿੱਚੋਂ ਹਰਨੂਰਪ੍ਰੀਤ ਕੌਰ ਨੂੰ ਆਈਲੈਟਸ ਕਰਵਾ ਕੇ ਬਲਵਿੰਦਰ ਕੌਰ ਨੇ ਸਾਲ 2020 ਚ ਕੈਨੇਡਾ ਪੜ੍ਹਨ ਲਈ ਭੇਜਿਆ ਜਿਸ ਤੋਂ ਬਾਅਦ ਫਿਰ ਜਨਵਰੀ 2022 ਵਿੱਚ ਬਲਵਿੰਦਰ ਕੌਰ ਨੂੰ ਹਰਨੂਰਪ੍ਰੀਤ ਕੌਰ ਨੇ ਕੈਨੇਡਾ ਬੁਲਾ ਲਿਆ। ਇਸ ਤੋਂ ਬਾਅਦ ਬਲਵਿੰਦਰ ਕੌਰ ਦਾ ਪਤੀ ਜਗਪ੍ਰੀਤ ਸਿੰਘ ਵਾਰ-ਵਾਰ ਬਲਵਿੰਦਰ ਕੌਰ ਨੂੰ ਫੋਨ ਕਰਦਾ ਰਿਹਾ ਤੇ ਉਸ ਨੂੰ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕਰਨ ਲੱਗਾ, ਜਿਸ ਤੋਂ ਬਾਅਦ ਬੇਟੀ ਹਰਨੂਰਪ੍ਰੀਤ ਨੇ 11 ਮਾਰਚ 2024 ਨੂੰ ਜਗਪ੍ਰੀਤ ਸਿੰਘ ਨੂੰ ਵੀ ਕੈਨੇਡਾ ਬੁਲਾ ਲਿਆ। ਮ੍ਰਿਤਕਾ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਦੇ ਪੰਜ ਦਿਨ ਬਾਅਦ ਹੀ ਜਗਪ੍ਰੀਤ ਸਿੰਘ ਨੇ ਆਪਣੀ ਪਤਨੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਗਪ੍ਰੀਤ ਨੇ ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾ ਕੇ ਲੁਧਿਆਣਾ ਵਿੱਚ ਆਪਣੀ ਮਾਂ ਨੂੰ ਭੇਜ ਦਿੱਤੀ ਅਤੇ ਜਦੋਂ ਉਸਦੇ ਲੜਕੇ ਗੁਰਨੂਰ ਸਿੰਘ ਨੇ ਇਹ ਵੀਡੀਓ ਦੇਖੀ ਤਾਂ ਪਰਿਵਾਰ ਨੂੰ ਆਪਣੀ ਮਾਂ ਦੇ ਕਤਲ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ।






