Gee 98News

AAP MLA ਨੇ ਕੀਤੀ ਆਪਹੁਦਰੀ ਕਾਰਵਾਈ…ਕੀ ਮੁੱਖ ਮੰਤਰੀ ਲੈਣਗੇ ਨੋਟਿਸ…!

ਚੰਡੀਗੜ੍ਹ, 24 ਅਗਸਤ, Gee98 news service
-ਆਮ ਆਦਮੀ ਪਾਰਟੀ ਦੇ ਲੁਧਿਆਣਾ ‘ਚ ਇੱਕ ਵਿਧਾਇਕ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਵਾਲਾ ਕਰੋੜਾਂ ਰੁਪਏ ਦਾ ਨੀਂਹ ਪੱਥਰ ਤੋੜਨ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਆਪਣੇ ਹੱਥਾਂ ਨਾਲ ਇਹ ਨੀਹ ਪੱਥਰ ਹਥੌੜੇ ਮਾਰ ਮਾਰ ਭੰਨ ਦਿੱਤਾ ਹੈ। ਇਹ ਨੀਹ ਪੱਥਰ ਬੁੱਢੇ ਨਾਲੇ ਦੀ ਸਫਾਈ ਪ੍ਰੋਜੈਕਟ ਨਾਲ ਸੰਬੰਧਿਤ ਸੀ ਜਿਸ ਲਈ 650 ਕਰੋੜ ਰੁਪਏ ਦੀ ਗਰਾਂਟ ਖਰਚ ਕਰਨ ਦਾ ਦਾਅਵਾ ਪੰਜਾਬ ਸਰਕਾਰ ਵੱਲੋਂ ਕਰਕੇ ਇਹ ਨਹੀਂ ਪੱਥਰ ਕੰਮ ਦੀ ਸ਼ੁਰੂਆਤ ਕਰਨ ਲਈ ਰੱਖਿਆ ਗਿਆ ਸੀ। ‌ ਵਿਧਾਇਕ ਗੋਗੀ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਬੁੱਢੇ ਨਾਲੇ ਦੀ ਸਫਾਈ ਲਈ ਕੋਈ ਕਦਮ ਨਹੀਂ ਚੁੱਕ ਰਹੇ ਇਸ ਲਈ ਲੋਕ ਉਹਨਾਂ ਨੂੰ ਮਿਹਣੇ ਮਾਰ ਰਹੇ ਹਨ ਅਤੇ ਉਹ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦੇ ਜਿਸ ਕਰਕੇ ਉਹਨਾਂ ਨੇ ਇਹ ਪੱਥਰ ਆਪਣੇ ਹੱਥੀ ਤੋੜ ਦਿੱਤਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕੋਈ ਵਿਧਾਇਕ ਆਪਣੇ ਹੱਥੀ ਅਜਿਹੀ ਕਾਰਵਾਈ ਕਰ ਸਕਦਾ ਹੈ ਜਿਸ ਨਾਲ ਸੂਬੇ ਦੇ ਮੁੱਖ ਮੰਤਰੀ ਦੇ ਸਤਿਕਾਰ ਨੂੰ ਢਾਹ ਲੱਗਦੀ ਹੋਵੇ ? ਕੀ ਵਿਧਾਇਕ ਗੋਗੀ ਦੀ ਇਸ ਕਾਰਵਾਈ ਨੂੰ ਆਪਹੁਦਰੀ ਕਾਰਵਾਈ ਨਹੀਂ ਮੰਨਿਆ ਜਾਵੇਗਾ ? ਕੀ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੀ ਵਿਧਾਇਕ ਦੀ ਇਸ ਆਪਹੁਦਰੀ ਕਾਰਵਾਈ ਵੱਲ ਕੋਈ ਧਿਆਨ ਦੇਣਗੇ ? ਕੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ, ਮੰਤਰੀ ਜਾਂ ਵਿਧਾਇਕ ਅੱਗੇ ਤੋਂ ਕਿਸੇ ਵੀ ਕੰਮ ਦਾ ਕੋਈ ਪੱਥਰ ਨਹੀਂ ਰੱਖਣਗੇ ? ਕੀ ਲੁਧਿਆਣਾ ਦੇ ਬੁੱਢੇ ਨਾਲੇ ਦੀ ਪੂਰੀ ਸਫਾਈ ਹੁਣ ਕੁਝ ਹੀ ਦਿਨਾਂ ਵਿੱਚ ਹੋ ਜਾਵੇਗੀ ? ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਿਧਾਇਕ ਦੇ ਖਿਲਾਫ ਕੋਈ ਕਾਰਵਾਈ ਕਰਨਗੇ ? ਜੇ ਵਿਧਾਇਕ ਦੀ ਗੱਲ ਅਧਿਕਾਰੀ ਨਹੀਂ ਸੁਣਦੇ ਤਾਂ ਕੀ ਵਿਧਾਇਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ? ਕੀ ਵਿਧਾਇਕ ਨੂੰ ਅਧਿਕਾਰੀਆਂ ਦੇ ਖਿਲਾਫ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਨਹੀਂ ਜਾਣਾ ਚਾਹੀਦਾ ਸੀ ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸ਼ਾਇਦ ਨਾਂਹ ਵਿੱਚ ਵੀ ਹੋਵੇਗਾ ਕਿਉਂਕਿ ਆਪਣੀ ਪੀੜੀ ਥੱਲੇ ਸੋਟਾ ਕੋਈ ਨਹੀਂ ਫੇਰਦਾ। ਨਿਰਸੰਦੇਹ ਆਪ ਵਿਧਾਇਕ ਨੇ ਅਜਿਹੀ ਆਪਹੁਦਰੀ ਕਾਰਵਾਈ ਕਰਕੇ ਮੁੱਖ ਮੰਤਰੀ ਦੇ ਸਤਿਕਾਰ ਨੂੰ ਅੱਖੋਂ ਪਰੋਖੇ ਕਰਦੇ ਹੋਏ ਮੁੱਖ ਮੰਤਰੀ ਦੀ ਤੌਹੀਨ ਕੀਤੀ ਹੈ ਅਤੇ ਆਪਣੀ ਹੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੈ ਜਦੋਂ ਸੱਤਾਧਾਰੀ ਪਾਰਟੀ ਦੇ ਕਿਸੇ ਵਿਧਾਇਕ ਨੇ ਹੀ ਆਪਣਾ ਨੀਂਹ ਪੱਥਰ ਆਪਣੇ ਹੱਥੀ ਖੁਦ ਤੋੜ ਦਿੱਤਾ ਹੋਵੇ, ਜਿਸ ਉੱਪਰ ਸੂਬੇ ਦੇ ਮੁੱਖ ਮੰਤਰੀ ਦਾ ਨਾਮ ਵੀ ਸੋਹਣੇ ਅੱਖਰਾਂ ਵਿੱਚ ਲਿਖਿਆ ਹੋਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਸੂਬੇ ਦੇ ਅਫਸਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਵਿਧਾਇਕਾਂ ਦੀ ਗੱਲ ਪਹਿਲ ਦੇ ਆਧਾਰ ‘ਤੇ ਸੁਣੀ ਜਾਵੇ। ਵਿਧਾਇਕ ਗੋਗੀ ਵੱਲੋਂ ਕੀਤੀ ਕਾਰਵਾਈ ਤਾਂ ਇਹ ਵੀ ਦਰਸਾਉਂਦੀ ਹੈ ਕਿ ਅਫਸਰਸ਼ਾਹੀ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ਨੂੰ ਵੀ ਇੱਕ ਕੰਨ ਪਾ ਕੇ ਦੂਜੇ ਕੰਨ ਕੱਢ ਦਿੱਤਾ ਹੈ।

error: Content is protected !!