Skip to main content

Gee 98News

ਵੱਡਾ ਫੈਸਲਾ : ਉਪ ਰਜਿਸਟਰਾਰ ਨੇ ਸ਼ਹਿਣਾ ਦੇ ਸੇਲਜਮੈਨ ਦੀ ਭਰਤੀ ਕੀਤੀ ਰੱਦ…ਤਿੰਨ ਇੰਸਪੈਕਟਰਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਸ਼

ਬਰਨਾਲਾ,23 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਸਹਿਕਾਰੀ ਸਭਾ ਸ਼ਹਿਣਾ ਵਿਖੇ ਪਿਛਲੇ ਦਿਨੀਂ ਹੋਈ ਇੱਕ ਸੇਲਜ਼ਮੈਨ ਦੀ ਭਰਤੀ ਦੇ ਘਪਲੇ ਦੀ ਪੜ੍ਹਤਾਲ ਦੇ ਦੌਰਾਨ ਉਪ ਰਜਿਸਟਰਾਰ ਸਹਕਾਰੀ ਸਭਾਵਾਂ ਬਰਨਾਲਾ ਨੇ ਕਾਰਵਾਈ ਕਰਦੇ ਹੋਏ ਸੇਲਜ਼ਮੈਨ ਦੀ ਭਰਤੀ ਰੱਦ ਕਰ ਦਿੱਤੀ। ਇਸ ਭਰਤੀ ਸਬੰਧੀ ਇੱਕ ਸ਼ਿਕਾਇਤ ਗੁਰਦੀਪ ਦਾਸ ਬਾਵਾ ਉਪ ਚੇਅਰਮੈਨ ਪੰਚਾਇਤ ਸੰਮਤੀ ਸ਼ਹਿਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਤੌਰ ‘ਤੇ ਭੇਜੀ ਗਈ ਸੀ ਜਿਸ ਦੀ ਪੜ੍ਹਤਾਲ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੂੰ ਸੌਂਪੀ ਗਈ ਸੀ। ‌ ਸ਼ਿਕਾਇਤ ਦੀ ਪੜ੍ਹਤਾਲ ਦੌਰਾਨ ਸਰਬੇਸਵਰ ਸਿੰਘ ਮੋਹੀ ਉਪ ਰਜਿਸਟਰਾਰ ਸਰਕਾਰੀ ਸਭਾਵਾਂ ਬਰਨਾਲਾ ਨੇ ਸੋਮਵਾਰ ਸ਼ਿਕਾਇਤ ਕਰਤਾ ਅਤੇ ਸੁਸਾਇਟੀ ਦੀ ਕਮੇਟੀ ਦਾ ਦੁਪਹਿਰ ਤੋਂ ਪਹਿਲਾਂ ਪੱਖ ਸੁਣਿਆ ਤੇ ਦੁਪਹਿਰ ਤੋਂ ਬਾਅਦ ਦਿੱਤੇ ਆਪਣੇ ਫੈਸਲੇ ਵਿੱਚ ਸੇਲਜ਼ਮੈਨ ਦੀ ਭਰਤੀ ਰੱਦ ਕਰ ਦਿੱਤੀ। ਉਪ ਰਜਿਸਟਰਾਰ ਨੇ ਇਸ ਭਰਤੀ ਪ੍ਰਕਿਰਿਆ ਦੌਰਾਨ ਵਿਭਾਗ ਵੱਲੋਂ ਡਿਊਟੀ ਦੇਣ ਵਾਲੇ ਇੰਸਪੈਕਟਰ ਰਵਿੰਦਰ ਕੁਮਾਰ, ਪੂਨਮਰਾਣੀ ਅਤੇ ਸ਼ੁਭਮ ਗਰਗ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਸ ਵੀ ਕੀਤੀ। ‌ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਗੁਰਦੀਪ ਦਾਸ ਬਾਵਾ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਨੇ ਸਾਡੀ ਸੁਣਵਾਈ ਕਰਦੇ ਹੋਏ ਬਿਲਕੁਲ ਸਹੀ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀ ਕੋਆਪਰੇਟਿਵ ਸੁਸਾਇਟੀ ਸ਼ਹਿਣਾ ਵਿੱਚ ਇੱਕ ਸੇਲਜਮੈਨ ਦੀ ਭਰਤੀ ਕੀਤੀ ਗਈ ਸੀ ਜਿਸ ਵਿੱਚ ਨਿਯਮਾਂ ਦੀ ਉਲੰਘਣਾ ਸਬੰਧੀ ਗੁਰਦੀਪ ਬਾਵਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਸੀ। ਜਿਸ ਦੀ ਸੁਣਵਾਈ ਲਈ ਉੱਪਰ ਰਜਿਸਟਰਾਰ ਵੱਲੋਂ ਪਹਿਲਾਂ ਕਈ ਤਰੀਕਾਂ ਮੁਕਰਰ ਕੀਤੀਆਂ ਗਈਆਂ ਪ੍ਰੰਤੂ ਉਪ ਰਜਿਸਟਰਾਰ ਦੇ ਰੁਝੇਵਿਆਂ ਦੇ ਕਾਰਨ ਸ਼ਿਕਾਇਤ ਦੀ ਸੁਣਵਾਈ ਨਹੀਂ ਹੋ ਸਕੀ। ‌ ਅੱਜ ਸੋਮਵਾਰ ਉੱਪ ਰਜਿਸਟਰਾਰ ਨੇ ਇਸ ਸਬੰਧੀ ਦੋਵੇਂ ਧਿਰਾਂ ਨੂੰ ਸੁਣਵਾਈ ਲਈ ਬੁਲਾਇਆ ਹੋਇਆ ਸੀ। ਇਸ ਮੌਕੇ ‘ਤੇ ਸ਼ਿਕਾਇਤ ਕਰਤਾ ਧਿਰ ਨੇ ਮੀਡੀਆ ਨੂੰ ਵੀ ਸੁਨੇਹੇ ਲਾ ਦਿੱਤੇ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੱਤਰਕਾਰ ਵੀ ਮੌਕੇ ‘ਤੇ ਪੁੱਜੇ ਹੋਏ ਸਨ। ‌ ਆਪਣੇ ਦਫਤਰ ਵਿੱਚ ਉਪ ਰਜਿਸਟਰਾਰ ਨੇ ਸੁਣਵਾਈ ਦੌਰਾਨ ਸੁਸਾਇਟੀ ਦੀ ਕਮੇਟੀ ਤੋਂ ਲੋੜੀਦੇ ਦਸਤਾਵੇਜਾਂ ਦੀ ਮੰਗ ਕੀਤੀ ਤਾਂ ਕਮੇਟੀ ਵਾਲਿਆਂ ਨੇ ਕਿਹਾ ਕਿ ਉਹਨਾਂ ਕੋਲ ਕੋਈ ਦਸਤਾਵੇਜ਼ ਨਹੀਂ ਉਹ ਅਗਲੀ ਤਰੀਕ ‘ਤੇ ਦਸਤਾਵੇਜ਼ ਲੈ ਕੇ ਆਉਣਗੇ ਪ੍ਰੰਤੂ ਆਪਣੇ ਦਫਤਰ ਵਿੱਚ ਵੱਡੀ ਗਿਣਤੀ ਪੱਤਰਕਾਰਾਂ ਦੀ ਹਾਜ਼ਰੀ ਦੀ ਕਨਸੋਅ ਮਿਲਦਿਆਂ ਹੀ ਉਪ ਰਜਿਸਟਰਾਰ ਨੇ ਕਮੇਟੀ ਨੂੰ ਤਰੀਕ ਦੇਣ ਦੀ ਬਜਾਏ ਅੱਜ ਸ਼ਿਕਾਇਤ ਦਾ ਫੈਸਲਾ ਕਰਦੇ ਹੋਏ ਸੇਲਜਮੈਨ ਦੀ ਭਰਤੀ ਨੂੰ ਰੱਦ ਕਰ ਦਿੱਤਾ ਅਤੇ ਧਰਤੀ ਪ੍ਰਕਿਰਿਆ ਵਿੱਚ ਸ਼ਾਮਿਲ ਤਿੰਨ ਇੰਸਪੈਕਟਰਾਂ ਦੇ ਖਿਲਾਫ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਇਸ ਤੋਂ ਇਲਾਵਾ ਉਪ ਰਜਿਸਟਰਾਰ ਨੇ ਸ਼ਹਿਣਾ ਦੀ ਕਮੇਟੀ ਨੂੰ ਵੀ ਹਰੇਕ ਕੰਮ ਵਿੱਚ ਨਿਯਮਾਂ ਦੀ ਪਾਲਣਾ ਸਬੰਧੀ ਤਾੜਨਾ ਕੀਤੀ।

error: Content is protected !!