ਚੰਡੀਗੜ੍ਹ,25 ਸਤੰਬਰ, Gee98 news service
-ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਲਈ ਗਏ ਇੱਕ ਜੱਜ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਪੁਲਿਸ ਕਰਮੀ ਦਾ ਪਿਸਤੌਲ ਖੋਹ ਕੇ ਇੱਕ ਨੌਜਵਾਨ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖਤ ਨੋਟਿਸ ਲਿਆ ਹੈ। ਇਹ ਘਟਨਾ 22 ਸਤੰਬਰ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਵਾਪਰੀ ਸੀ ਜਦ ਪੰਜਾਬ ਹਰਿਆਣਾ ਹਾਈਕੋਰਟ ਦੇ ਇੱਕ ਜੱਜ ਐਨਐਸ ਸੇਖਾਵਤ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਲਈ ਗਏ ਸਨ ਤਾਂ ਅਚਾਨਕ ਨੌਜਵਾਨ ਨੇ ਜੱਜ ਦੀ ਸੁਰੱਖਿਆ ਵਿੱਚ ਲੱਗੇ ਏਐਸਆਈ ਦਾ ਪਿਸਤੌਲ ਖੋਹ ਲਿਆ ਅਤੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਹਾਈਕੋਰਟ ਨੇ ਇਸ ਮਾਮਲੇ ਨੂੰ ਸੁਰੱਖਿਆ ਵਿੱਚ ਕੁਤਾਹੀ ਮੰਨਦੇ ਹੋਏ ਪੰਜਾਬ ਦੇ ਡੀਜੀਪੀ ਨੂੰ ਤਲਬ ਕੀਤਾ ਹੈ। ਜਿਸ ਵੇਲੇ ਜਸਟਿਸ ਸ਼ੇਖਾਵਤ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਪਹੁੰਚੇ ਤਾਂ ਸੁਰੱਖਿਆ ਕਰਮਚਾਰੀ ਉਹਨਾਂ ਦੇ ਨਾਲ ਸਨ। ਇਸ ਮੌਕੇ ਏਐੱਸਆਈ ਅਸ਼ਵਨੀ ਕੁਮਾਰ ਵੀ ਐਸਕਾਰਟ ਗੱਡੀ ਸਮੇਤ ਹਾਜ਼ਰ ਸਨ। ਅਚਾਨਕ ਇਕ ਵਿਅਕਤੀ ਆਇਆ ਅਤੇ ਏਐੱਸਆਈ ਦਾ ਪਿਸਤੌਲ ਖੋਹ ਲਿਆ। ਇਸ ਤੋਂ ਪਹਿਲਾਂ ਕਿ ਕੋਈ ਸਮਝਦਾ, ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੁਰੱਖਿਆ ਕਰਮੀਆਂ ਨੇ ਜਲਦਬਾਜ਼ੀ ਵਿੱਚ ਜੱਜ ਨੂੰ ਸੁਰੱਖਿਅਤ ਪਹਿਰੇ ਹੇਠ ਲੈ ਲਿਆ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਘਟਨਾ ਸਬੰਧੀ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦਾ ਨੋਟਿਸ ਲਿਆ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਸਿੱਧੇ ਤੌਰ ‘ਤੇ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਬਣਦਾ ਹੈ ਜੋ ਕਿ ਗੰਭੀਰ ਮਾਮਲਾ ਹੈ। ਅਜਿਹੇ ‘ਚ ਹੁਣ ਹਾਈਕੋਰਟ ਨੇ ਅੱਜ ਡੀਜੀਪੀ ਨੂੰ ਤਲਬ ਕੀਤਾ ਹੈ।










