ਬਰਨਾਲਾ,7 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋ ਪਹਿਲਾਂ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਹਲਕੇ ਅੰਦਰ ਪਾਰਟੀ ਪਲੇਟਫਾਰਮ ਨੂੰ ਮਜ਼ਬੂਤ ਕਰਨ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਡੋਰੇ ਪਾਏ ਜਾ ਰਹੇ ਹਨ। ਇਸੇ ਦੌਰਾਨ ਬਰਨਾਲਾ ਤੋਂ ਇੱਕ ਕਾਂਗਰਸੀ ਕੌਂਸਲਰ ਮੀਨੂ ਬਾਂਸਲ ਅਤੇ ਧਾਕੜ ਕਾਂਗਰਸੀ ਆਗੂ ਮੰਗਤ ਬਾਂਸਲ ਦੇ ਬੇਟੇ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਮੂਲੀਅਤ ਕਰ ਲਈ ਹੈ। ਬੀਤੇ ਕੱਲ੍ਹ ਬਰਨਾਲਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਨੇ ਮੰਗਤ ਬਾਂਸਲ ਦੇ ਸਪੁੱਤਰ ਚਿਰਾਗ ਬਾਂਸਲ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਪਿਛਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦੇ ਮੌਜੂਦਾ ਪ੍ਰਧਾਨ ਨਾਲ ਜਬਰਦਸਤ ਟੱਕਰ ‘ਚ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰ ਮੀਨੂ ਬਾਂਸਲ ਅਤੇ ਮੰਗਤ ਬਾਂਸਲ ਦੇ ਪੁੱਤਰ ਦੀ ਇਸ ਸਿਆਸੀ ਤਬਦੀਲੀ ਨੂੰ ਬਰਨਾਲਾ ‘ਚ ਹੈਰਾਨੀਜਨਕ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 22 ਏਕੜ ‘ਚ ਮੁੱਖ ਦਫਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ‘ਚ ਗੋਬਿੰਦ ਸਿੰਘ ਸੰਧੂ ਨੇ ਕੁਝ ਹਿੰਦੂ ਨੌਜਵਾਨਾਂ ਸਮੇਤ 50 ਦੇ ਕਰੀਬ ਨੌਜਵਾਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਜਦ ਪੱਤਰਕਾਰਾਂ ਨੇ ਚਿਰਾਗ ਬਾਂਸਲ ਨੂੰ ਪੁੱਛਿਆ ਕਿ “ਹੁਣ ਤੇਰੇ ਪਾਪਾ ਦਾ ਕੀ ਸਟੈਂਡ ਹੋਵੇਗਾ ਤਾਂ ਚਿਰਾਗ ਬਾਂਸਲ ਹੀ ਬੇਬਾਕੀ ਨਾਲ ਜਵਾਬ ਦਿੱਤਾ ਕਿ ਪਾਪਾ ਨੇ ਆਪਣਾ ਦੇਖਣਾ…ਮੈਂ ਆਪਣਾ ਸਿਆਸੀ ਰਾਹ ਚੁਣ ਲਿਆ”।










