ਚੰਡੀਗੜ੍ਹ,8 ਅਕਤੂਬਰ, Gee98 news service
-ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਇੱਕ ਨਾਬਾਲਿਗ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸੁਧਾਰ ਘਰ ਛੱਡਣਾ ਜਾ ਰਹੇ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋਏਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਪ੍ਰੀਤਮ ਸਿੰਘ ਅਤੇ ਜੀਵਨ ਲਾਲ ਦੀਆਂ ਲਾਸ਼ਾਂ ਮਿਲੀਆਂ ਹਨ। ਰੋਜਾਨਾ ਦੀ ਤਰ੍ਹਾਂ ਸਟੇਸ਼ਨ ਮਾਸਟਰ ਨਰੇਸ਼ ਰਾਜੂ ਡਿਊਟੀ ‘ਤੇ ਸਨ ਜਿਨਾਂ ਨੂੰ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਮ੍ਰਿਤਕਾਂ ਦੀਆਂ ਜੇਬਾਂ ਦੀ ਤਲਾਸ਼ੀ ਲਈ ਤਾਂ ਜੇਬਾਂ ਵਿੱਚੋਂ ਪੰਜਾਬ ਪੁਲਿਸ ਦੇ ਆਡੈਂਟੀ ਕਾਰਡ ਨਿਕਲੇ ਜਿਸ ਤੋਂ ਪਤਾ ਲੱਗਿਆ ਕਿ ਦੋਵੇਂ ਮ੍ਰਿਤਕ ਪੰਜਾਬ ਪੁਲਿਸ ਦੇ ਏਐਸਆਈ ਹਨ। ਇਸ ਤੋਂ ਬਾਅਦ ਤੁਰੰਤ ਸੂਚਨਾ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਦੋਵੇਂ ਏਐਸਆਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਅਤੇ ਦੋਵੇਂ ਕਪੂਰਥਲਾ ਵਿੱਚ ਤਾਇਨਾਤ ਸਨ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏਐਸਆਈ ਪ੍ਰੀਤਮ ਸਿੰਘ ਤੇ ਜੀਵਨ ਲਾਲ ਸੋਮਵਾਰ ਦੁਪਹਿਰ ਚੋਰੀ ਦੇ ਦੋ ਮੁਲਜ਼ਮਾਂ ਨੂੰ ਪੇਸ਼ੀ ਲਈ ਜਲੰਧਰ ਲੈ ਕੇ ਆਏ ਸਨ। ਦੋਵਾਂ ਨੂੰ ਦੁਪਹਿਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਇੱਕ ਮੁਲਜ਼ਮ ਨੂੰ ਜਲੰਧਰ ਦੇਹਾਤ ਦੇ ਥਾਣਾ ਆਦਮਪੁਰ ਵਿਖੇ ਛੱਡਣਾ ਸੀ। ਇਸ ਮਗਰੋਂ ਦੋਵੇਂ ਏਐਸਆਈ ਦੂਜੇ ਨਾਬਾਲਗ ਮੁਲਜ਼ਮ ਨੂੰ ਲੈ ਕੇ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਜਦੋਂ ਦੋਵੇਂ ਏਐਸਆਈ ਸ਼ਾਮ ਨੂੰ ਨਾਬਾਲਿਗ ਨੂੰ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਕਿਧਰੇ ਲਾਪਤਾ ਹੋ ਗਏ ਅਤੇ ਸੋਮਵਾਰ ਦੇਰ ਰਾਤ ਦੋਵੇਂ ਥਾਣੇਦਾਰਾਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਇਸ ਮਾਮਲੇ ਵਿੱਚ ਕਤਲ ਤੇ ਖੁਦਕੁਸ਼ੀ ਦੇ ਐਂਗਲ ‘ਤੇ ਜਾਂਚ ਕੀਤੀ ਜਾ ਰਹੀ ਹੈ।









