Skip to main content

Gee 98News

ਕੈਬਨਿਟ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਪੰਜਾਬ ਦੇ ਦੋ AAP ਵਿਧਾਇਕਾਂ ਨੂੰ ਇੱਕ ਨੌਸਰਬਾਜ਼ ਨੇ ਲੱਖਾਂ ਰੁਪਏ ਦਾ ਲਗਾਇਆ ਚੂਨਾ

ਚੰਡੀਗੜ੍ਹ,8 ਅਕਤੂਬਰ, Gee98 news service
-ਪੰਜਾਬ ‘ਚ ਆਮ ਆਦਮੀ ਪਾਰਟੀ ਵਿਧਾਇਕਾਂ ਵਿੱਚ ਮੰਤਰੀ ਬਣਨ ਦੀ ਲਾਲਸਾ ਡੁੱਲ੍ਹ ਡੁੱਲ੍ਹ ਪੈ ਰਹੀ ਹੈ। ਰਾਜਨੀਤੀ ਤੋਂ ਕੋਹਾਂ ਦੂਰ ਪਹਿਲੀ ਵਾਰ ਵਿਧਾਇਕ ਬਣੇ ਆਪ ਆਗੂ ਝੰਡੀ ਵਾਲੀ ਗੱਡੀ ਲੈਣ ਲਈ ਕੁਝ ਇਹੋ ਜਿਹੇ ਜੁਗਾੜ ਵੀ ਕਰ ਰਹੇ ਹਨ ਜਿਹੜੇ ਪਾਰਟੀ ਲਈ ਵੀ ਨਮੋਸ਼ੀ ਦਾ ਕਾਰਨ ਬਣ ਰਹੇ ਹਨ। ਅਜਿਹੀ ਇਕ ਘਟਨਾ ਮਾਲਵਾ ਖੇਤਰ ਦੇ ਦੋ ਵਿਧਾਇਕਾਂ ਨਾਲ ਸੰਬੰਧਿਤ ਸਾਹਮਣੇ ਆਈ ਹੈ। ‌ ਇੱਕ ਨੌਸਰਬਾਜ਼ ਵਿਅਕਤੀ ਨੇ ਮਾਲਵਾ ਖੇਤਰ ਦੇ ਦੋ ਆਪ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਲੱਖਾਂ ਦਾ ਚੂਨਾ ਲਗਾ ਦਿੱਤਾ। ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨਾਲ ਚੰਗੇ ਸਬੰਧ ਹੋਣ ਦਾ ਢੌਂਗ ਰਚਾ ਕੇ ਰਸਪਿੰਦਰ ਸਿੰਘ ਨਾਮ ਦੇ ਨੌਸਰਬਾਜ਼ ਨੇ ਮਾਲਵਾ ਖੇਤਰ ਦੇ ਇਹਨਾਂ ਦੋ ਵਿਧਾਇਕਾਂ ਨੂੰ ਝੰਡੀ ਵਾਲੀ ਗੱਡੀ ਦਾ ਲਾਲਚ ਦਿਖਾ ਕੇ ਆਪਣੇ ਜਾਲ ‘ਚ ਫਸਾਇਆ ਅਤੇ ਲੱਖਾਂ ਰੁਪਏ ਦਾ ਚੂਨਾ ਲਗਾਇਆ। ਇਹਨਾਂ ਦੋ ਵਿਧਾਇਕਾਂ ਨਾਲ ਠੱਗੀ ਵੱਜਣ ਦਾ ਮਾਮਲਾ ਭਾਵੇਂ ਜੱਗ ਜ਼ਾਹਰ ਹੋ ਚੁੱਕਾ ਹੈ ਪ੍ਰੰਤੂ ਇਹਨਾਂ ਵਿਧਾਇਕਾਂ ਦੀ ਹਾਲਤ ਇਹੋ ਜਿਹੀ ਹੀ ਬਣੀ ਹੋਈ ਹੈ ਕਿ ਉਹ ਥੱਪੜ ਮਾਰਨ ਵਾਲੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਅਤੇ ਰੋ ਵੀ ਨਹੀਂ ਸਕਦੇ। ਇਸ ਨੌਸਰਬਾਜ਼ ਦਾ ਭਾਂਡਾ ਇੱਕ ਹੋਰ ਆਪਾਂ ਆਗੂ ਨੇ ਉਸ ਵੇਲੇ ਭੰਨਿਆ ਜਦੋਂ ਇਸ ਨੌਸਰਬਾਜ਼ ਨੇ ਇੱਕ ਆਪ ਆਗੂ ਨੂੰ ਚੇਅਰਮੈਨ ਦਾ ਲਾਲਚ ਦੇ ਕੇ 65000 ਠੱਗ ਲਏ। ਦੋ ਆਪ ਵਿਧਾਇਕਾਂ ਦੇ ਨਾਲ ਨਾਲ ਠੱਗੀ ਦਾ ਸ਼ਿਕਾਰ ਹੋਏ ਇਸ ਆਮ ਆਦਮੀ ਪਾਰਟੀ ਦੇ ਵਰਕਰ ਅੰਮ੍ਰਿਤਪਾਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਭੈਣੀ ਚੂਹੜ ਨੇ ਦੱਸਿਆ ਕਿ ਰਸਪਿੰਦਰ ਸਿੰਘ ਨਾਮ ਦੇ ਇਸ ਠੱਗ ਨੇ ਉਸ ਨੂੰ ਕਿਹਾ ਕਿ ਹਰਿਆਣਾ ਚੋਣਾਂ ‘ਚ ਆਪ ਨੂੰ ਫੰਡ ਦੀ ਲੋੜ ਹੈ ਜੇਕਰ ਉਹ ਆਪ ਨੂੰ ਫੰਡ ਦੇਵੇਗਾ ਤਾਂ ਉਸ ਦੀ ਵੱਡੇ ਆਗੂਆਂ ਨੇੜਤਾ ਕਰਵਾ ਦੇਵੇਗਾ ਤੇ ਪੰਜਾਬ ‘ਚ ਕੋਈ ਵੱਡੀ ਚੇਅਰਮੈਨੀ ਵੀ ਦਿਵਾ ਦੇਵੇਗਾ। ਪਾਰਟੀ ਫੰਡ ਦੇ ਨਾਮ ‘ਤੇ ਰਸਪਿੰਦਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਤੋਂ ਡੇਢ ਲੱਖ ਰੁਪਏ ਮੰਗਿਆ ਪਰ ਅੰਮ੍ਰਿਤਪਾਲ ਸਿੰਘ ਨੇ ਉਸਨੂੰ 65000 ਦੇ ਦਿੱਤਾ। ਇਸ ਦੌਰਾਨ ਰਸਪਿੰਦਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੂੰ ਮਾਲਵਾ ਖੇਤਰ ਦੇ ਦੋ ਆਪ ਵਿਧਾਇਕਾਂ ਨਾਲ ਮਿਲਾ ਕੇ ਆਪਣੇ ਚੰਗੀ ਨੇੜਤਾ ਦਾ ਅਹਿਸਾਸ ਵੀ ਕਰਵਾਇਆ ਅਤੇ ਇੱਕ ਵਿਧਾਇਕ ਦੇ ਦਫਤਰ ਵਿੱਚ ਲਿਜਾ ਕੇ ਅੰਮ੍ਰਿਤਪਾਲ ਸਿੰਘ ਦੀ ਵਿਧਾਇਕ ਨਾਲ ਕੁਝ ਇਸ ਤਰ੍ਹਾਂ ਮੁਲਾਕਾਤ ਕਰਵਾਈ ਜਿਵੇਂ ਰਸਪਿੰਦਰ ਸਿੰਘ ਅਤੇ ਵਿਧਾਇਕ ਦੇ ਚੰਗੇ ਗੂੜੇ ਸੰਬੰਧ ਹੋਣ ਪ੍ਰੰਤੂ ਬਾਅਦ ਵਿਚ ਜਦੋਂ ਅੰਮ੍ਰਿਤਪਾਲ ਸਿੰਘ ਨੇ ਉਕਤ ਵਿਧਾਇਕ ਦੇ ਕੋਲ ਰਸਪਿੰਦਰ ਸਿੰਘ ਦਾ ਜ਼ਿਕਰ ਕੀਤਾ ਤਾਂ ਵਿਧਾਇਕ ਸਾਹਿਬ ਮੁੱਕਰ ਗਿਆ ਕਿ ਉਸਦੇ ਰੁਪਿੰਦਰ ਸਿੰਘ ਨਾਮ ਦੇ ਕਿਸੇ ਵਿਅਕਤੀ ਨਾਲ ਕੋਈ ਸਬੰਧ ਨਹੀਂ ਹਨ। ਰਸਪਿੰਦਰ ਸਿੰਘ ਦੀਆਂ ਗੱਲਾਂ ‘ਤੇ ਕੁਝ ਸ਼ੱਕ ਪੈਣ ‘ਤੇ ਜਦੋਂ ਅੰਮ੍ਰਿਤਪਾਲ ਸਿੰਘ ਦੀ ਰਸਪਿੰਦਰ ਸਿੰਘ ਕੋਲ ਵਿਧਾਇਕਾਂ ਨਾਲ ਨੇੜਤਾ ਤੇ ਆਪਣੀ ਚੇਅਰਮੈਨੀ ਦਾ ਜ਼ਿਕਰ ਕੀਤਾ ਤਾਂ ਰਸਪਿੰਦਰ ਸਿੰਘ ਥਿੜਕ ਗਿਆ ਅਤੇ ਮਾਫੀਆਂ ਮੰਗਣ ਲੱਗ ਪਿਆ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਰੁਪਿੰਦਰ ਸਿੰਘ ਦੇ ਖਿਲਾਫ ਥਾਣਾ ਮੌੜ ਮੰਡੀ ਵਿੱਚ ਦਰਖਾਸਤ ਦਿੱਤੀ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਥਾਣਾ ਮੌੜ ਮੰਡੀ ਵਿੱਚ ਨੌਸਰਬਾਜ਼ ਰਸਪਿੰਦਰ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਵਿੱਚ ਦੋ ਆਪ ਵਿਧਾਇਕਾਂ ਨਾਲ ਠੱਗੀ ਵੱਜਣ ਦਾ ਜ਼ਿਕਰ ਨਹੀਂ ਹੈ, ਜਦ ਕਿ ਇਹ ਜਾਗ ਜ਼ਾਹਿਰ ਹੋ ਚੁੱਕਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 65000 ਦਾ ਚੂਨਾ ਲਗਾਉਣ ਤੋਂ ਪਹਿਲਾਂ ਉਕਤ ਨੌਸਰਬਾਜ਼ ਨੇ ਦੋ ਆਪ ਵਿਧਾਇਕਾਂ ਨੂੰ ਵੀ ਕੈਬਨਿਟ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਚੂਨਾ ਲਗਾਇਆ ਸੀ। ਰਸਪਿੰਦਰ ਸਿੰਘ ਦੇ ਖਿਲਾਫ ਕੀਤੀ ਗਈ ਹਲਕੀ ਜਿਹੀ ਕਾਰਵਾਈ ਦਾ ਦੀ ਪੁਸ਼ਟੀ ਥਾਣਾ ਮੌੜ ਦੇ ਐਸਐਚਓ ਗੁਰਤੇਜ ਸਿੰਘ ਦੇ ਬਿਆਨ ਵੀ ਕਰਦੇ ਹਨ ਜਿਸ ਵਿੱਚ ਉਹਨਾਂ ਕਿਹਾ ਕਿ ਰਸਪਿੰਦਰ ਸਿੰਘ ਦੇ ਖ਼ਿਲਾਫ਼ ਅੰਮ੍ਰਿਤਪਾਲ ਸਿੰਘ ਦੀ ਦਰਖ਼ਾਸਤ ਦੇ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ। ‌ ਬਹਰਹਾਲ ! ਝੰਡੀ ਵਾਲੀ ਕਾਰ ਦੇ ਨਾਮ ‘ਤੇ ਚੂਨਾ ਲਗਵਾਉਣ ਵਾਲੇ ਦੋ ਆਪ ਵਿਧਾਇਕਾਂ ਦੀ ਕਹਾਣੀ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਹ ਮਾਮਲਾ ਇਸ ਗੱਲ ਵੱਲ ਵੀ ਸੰਕੇਤ ਕਰਦਾ ਹੈ ਕਿ ਕਿਤੇ ਪਹਿਲੀ ਵਾਰ ਵਿਧਾਇਕ ਬਣੇ ਪਹਿਲੇ ਮੰਤਰੀਆਂ ਦੀ ਕਹਾਣੀ ਵੀ ਕੁਝ ਇਹੋ ਜਿਹੀ ਤਾਂ ਨਹੀਂ ਹੈ। ‌

error: Content is protected !!