ਚੰਡੀਗੜ੍ਹ,11 ਅਕਤੂਬਰ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਵਿਚਕਾਰ ਗੜਬੜ ਦੀਆਂ ਚਰਚਾਵਾਂ ਸੱਚੀਆਂ ਸਾਬਤ ਹੋਣ ਵੱਲ ਵੱਧ ਰਹੀਆਂ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੁਲਾਰੇ ਅਤੇ ਹੋਰ ਆਗੂ ਨੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਕਾਰ ਮਨ ਮੁਟਾਵ ਦੀਆਂ ਖਬਰਾਂ ਦਾ ਅਜੇ ਤੱਕ ਸਾਹਮਣੇ ਆ ਕੇ ਖੰਡਨ ਨਹੀਂ ਕੀਤਾ। ਇਸ ਘਟਨਾਕ੍ਰਮ ਦੇ ਨਾਲ ਜੁੜਿਆ ਇੱਕ ਹੋਰ ਵੀ ਤੱਥ ਵਿਚਾਰਨਯੋਗ ਹੈ ਕਿ ਜਦ ਮੁੱਖ ਮੰਤਰੀ ਦੇ ਨਜ਼ਦੀਕੀ ਅਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਵੀਡੀਓ ਪਾ ਕੇ ਕਿਹਾ ਕਿ ‘ਉਹ ਭੱਜਣ ਵਾਲੇ ਨਹੀਂ ਸਗੋਂ ਭਜਾਉਣ ਵਾਲੇ ਹਨ’ ਤਾਂ ਦੂਜੇ ਦਿਨ ਹੀ ਬਲਤੇਜ ਪੰਨੂ ਦਾ ਅਸਤੀਫਾ ਲੈ ਲਿਆ ਗਿਆ। ਦੂਜੇ ਪਾਸੇ ਪੰਜਾਬ ਦੇ ਮੁੱਖ ਸਕੱਤਰ ਦੀ ਬਦਲੀ ਨੇ ਆਪ ਦੇ ਦੋਵੇਂ ਵੱਡੇ ਆਗੂਆਂ ਵਿਚਕਾਰ ਸੁਲਗਦੀ ਚਿੰਗਾਰੀ ਨੂੰ ਹੋਰ ਹਵਾ ਦੇਣ ਦਾ ਕੰਮ ਕੀਤਾ ਹੈ। ਕੁਝ ਦਿਨਾਂ ਤੋਂ ਇਹ ਚਰਚਾ ਵੀ ਜੋਰਾਂ ‘ਤੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬਦਲ ਦਿੱਤਾ ਜਾਵੇਗਾ ਪਰੰਤੂ ਕਨਸੋਆਂ ਇਹ ਵੀ ਹਨ ਕਿ ਆਪ ਲੀਡਰਸ਼ਿਪ ਮੁੱਖ ਮੰਤਰੀ ਨੂੰ ਬਦਲਣ ਦੀ ਬਜਾਏ ਉਹਨਾਂ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਨਿਯੁਕਤ ਕਰਨ ਜਾ ਰਹੀ ਹੈ, ਜਿਨਾਂ ਵਿੱਚੋਂ ਇੱਕ ਡਿਪਟੀ ਮੁੱਖ ਮੰਤਰੀ ਹਿੰਦੂ ਅਤੇ ਦੂਜਾ ਦਲਿਤ ਚਿਹਰਾ ਹੋਵੇਗਾ ਅਤੇ ਇਹਨਾਂ ਵਿੱਚੋਂ ਇੱਕ ਡਿਪਟੀ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਦਿੱਤਾ ਜਾਵੇਗਾ। ਮੁੱਖ ਮੰਤਰੀ ਤੋਂ ਗ੍ਰਹਿ ਵਿਭਾਗ ਵਾਪਸ ਲੈ ਕੇ ਆਪਣੇ ਵਿਸ਼ਵਾਸ ਪਾਤਰ ਡਿਪਟੀ ਮੁੱਖ ਮੰਤਰੀ ਦੇਣ ਨਾਲ ਸੂਬੇ ਦੇ ਪੁਲਿਸ ਤੰਤਰ ‘ਤੇ ਵੀ ਅਰਵਿੰਦ ਕੇਜਰੀਵਾਲ ਦੀ ਪਕੜ ਮਜ਼ਬੂਤ ਹੋਵੇਗੀ। ਪੰਜਾਬ ‘ਚ ਆਪ ਸਰਕਾਰ ਦੇ ਪਲੇਟਫਾਰਮ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦੇ ਹੋਏ ਇਉਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ‘ਵੱਡੇ ਬਾਦਲ’ ਤੇ ਅਰਵਿੰਦ ਕੇਜਰੀਵਾਲ ‘ਛੋਟੇ ਬਾਦਲ’ ਦੀ ਭੂਮਿਕਾ ਵਿੱਚ ਹੋਣਗੇ। ਚੇਤੇ ਰਹੇ ਕਿ ਅਕਾਲੀ ਭਾਜਪਾ ਸਰਕਾਰ ਮੌਕੇ ਮੁੱਖ ਮੰਤਰੀ ਤਾਂ ਵੱਡੇ ਬਾਦਲ ਸਨ ਪ੍ਰੰਤੂ ਸਰਕਾਰ ਅਤੇ ਸੂਬੇ ਦਾ ਸਾਰਾ ਕੰਟਰੋਲ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਸੀ।










