ਬਰਨਾਲਾ,11 ਅਕਤੂਬਰ, Gee98 news service
-ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਕੁਝ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਕਿ ਹਰ ਪੰਜ ਸਾਲ ਬਾਅਦ ਪੰਚਾਇਤੀ ਚੋਣਾਂ ਪਿੰਡਾਂ ‘ਚ ਨਵੀਂ ਧੜੇਬੰਦੀ ਨੂੰ ਜਨਮ ਦੇ ਦਿੰਦੀਆਂ ਹਨ। ਪੰਚਾਇਤੀ ਚੋਣਾਂ ਵਿੱਚ ਚੋਣ ਹਾਰਨ ਵਾਲੇ ਉਮੀਦਵਾਰ ਦੇ ਮਨ ‘ਚ ਜਿੱਤਣ ਵਾਲੇ ਦੇ ਸਮਰਥਕਾਂ ਪ੍ਰਤੀ ਐਨੀ ਈਰਖਾ ਪੈਦਾ ਹੋ ਜਾਂਦੀ ਹੈ ਕਿ ਸਾਰੀ ਉਮਰ ਦਾ ਬੋਲਣ ਚਾਲਣ ਵੀ ਖਤਮ ਹੋ ਜਾਂਦਾ ਹੈ। ਇਸ ਵਾਰ ਸਰਕਾਰ ਨੇ ਭਾਵੇਂ ਬਥੇਰੇ ਯਤਨ ਕੀਤੇ ਕਿ ਪਿੰਡਾਂ ਵਿੱਚ ਸਰਬਸੰਮਤੀ ਹੋ ਜਾਵੇ ਪ੍ਰੰਤੂ ਪਿੰਡ ਦੇ ਸਭ ਤੋਂ ਵੱਡੇ ਚੌਧਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਦੀ ਲਾਲਸਾ ਦੇ ਕਾਰਨ ਬਹੁਤੇ ਪਿੰਡਾਂ ਵਿੱਚ ਸਰਬਸੰਮਤੀ ਹੋ ਕੇ ਟੁੱਟ ਗਈ ਜਾਂ ਹੁੰਦੀ ਹੁੰਦੀ ਟਲ ਗਈ। ਬਰਨਾਲਾ ਜ਼ਿਲ੍ਹੇ ਦੀਆਂ 175 ਪੰਚਾਇਤਾਂ ਵਿੱਚੋਂ ਸਿਰਫ 29 ਸਰਪੰਚ ਹੀ ਸਰਬਸੰਮਤੀ ਨਾਲ ਚੁਣੇ ਗਏ ਹਨ। ਬਾਕੀ ਪੰਚਾਇਤਾਂ ਦੀ ਚੋਣ ਲਈ ਸਰਪੰਚੀ ਲਈ 395 ਅਤੇ ਪੰਚੀ ਲਈ 934 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਲਾਕ ਬਰਨਾਲਾ ਦੇ ਪਿੰਡ ਅਤਰਗੜ, ਹਰੀਗੜ੍ਹ ਤੇ ਬਰਨਾਲਾ ਦਿਹਾਤੀ ਵਿੱਚ ਸਰਪੰਚਾਂ ਚੋਣ ਨਿਰਵਿਰੋਧ ਹੋਈ ਹੈ। ਬਲਾਕ ਬਰਨਾਲਾ ਦੇ ਜਿਹੜੇ ਪਿੰਡਾਂ ਵਿੱਚ ਸਰਪੰਚਾਂ ਸਮੇਤ ਗ੍ਰਾਮ ਪੰਚਾਇਤ ਦੀ ਚੋਣ ਨਿਰਵਿਰੋਧ ਹੋਈ ਹੈ, ਉਨ੍ਹਾਂ ਵਿੱਚ ਫਤਿਹਪੁਰ ਪਿੰਡੀ ਧਨੌਲਾ, ਪਿਰਥਾ ਪੱਤੀ ਧੂਰਕੋਟ, ਕੋਠੇ ਗੁਰੂ, ਭੂਰੇ, ਕੋਠੇ ਬਗੇਹਰ ਪੱਤੀ, ਕੋਠੇ ਗੋਬਿੰਦਪੁਰਾ, ਹਮੀਦੀ ਸ਼ਾਮਲ ਹਨ। ਬਲਾਕ ਮਹਿਲ ਕਲਾਂ ਵਿੱਚ ਪਿੰਡ ਮੂੰਮ ਵਿੱਚ ਸਰਪੰਚ ਸਮੇਤ ਗ੍ਰਾਮ ਪੰਚਾਇਤ ਦੀ ਚੋਣ ਨਿਰਵਿਰੋਧ ਹੋਈ ਹੈ। ਬਲਾਕ ਸ਼ਹਿਣਾ ਵਿੱਚ ਅਲਕੜਾ, ਮਝੂਕੇ, ਤਲਵੰਡੀ, ਦਰਾਜ, ਦਰਾਕਾ, ਤਾਜੋਕੇ, ਚੀਮਾ ਵਿੱਚ ਸਰਪੰਚ ਦੀ ਚੋਣ ਨਿਰਵਿਰੋਧ ਹੋਈ ਹੈ, ਜਦਕਿ ਪੱਤੀ ਵੀਰ ਸਿੰਘ, ਲੀਲੋ, ਸੰਧੂ ਕਲਾਂ, ਨਿੰਮ ਵਾਲਾ ਮੌੜ, ਪੱਤੀ ਜੈਦ ਬੋਏ, ਜੰਡਸਰ, ਧਰਮਪੁਰਾ, ਬੱਲੋਕੇ, ਜੈਤਾਸਰ, ਨਾਨਕਪੁਰਾ ਤੇ ਟੱਲੇਵਾਲ ਖੁਰਦ ਵਿੱਚ ਸਰਪੰਚਾਂ ਸਮੇਤ ਪੰਚਾਂ ਦੀ ਚੋਣ ਨਿਰਵਿਰੋਧ ਹੋਈ ਹੈ। ਦੂਜੇ ਪਾਸੇ ਜਿਲ੍ਹੇ ਚ ਆਮ ਆਦਮੀ ਪਾਰਟੀ ਦੇ ਤਿੰਨੋਂ ਵਿਧਾਇਕਾਂ ਆਪਣੇ ਜੱਦੀ ਪਿੰਡਾਂ ਵਿੱਚ ਪੰਚਾਇਤਾਂ ਦੀ ਸਰਬਸੰਮਤੀ ਕਰਵਾਉਣ ‘ਚ ਕਾਮਯਾਬ ਨਹੀਂ ਹੋਏ। ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਜੱਦੀ ਪਿੰਡ ਪੰਡੋਰੀ ‘ਚ ਪੰਚਾਇਤ ਦੀ ਸਰਬਸੰਮਤੀ ਲਈ ਯਤਨ ਕੀਤੇ ਪ੍ਰੰਤੂ ਉਹਨਾਂ ਦੇ ਇਹ ਯਤਨ ਸਿਰੇ ਨਹੀਂ ਚੜੇ। ਵਿਧਾਇਕ ਪੰਡੋਰੀ ਨੇ ਆਪਣੇ ਪੱਖੀ ਉਮੀਦਵਾਰ ਦੇ ਮੁਕਾਬਲੇ ‘ਚ ਖੜੀ ਧਿਰ ਨੂੰ ਢਾਈ -ਢਾਈ ਸਾਲ ਸਰਪੰਚੀ ਦਾ ਫਾਰਮੂਲਾ ਵੀ ਦਿੱਤਾ ਜੋ ਸਿਰੇ ਨਹੀਂ ਚੜਿਆ ਤੇ ਹੁਣ ਪੰਡੋਰੀ ਵਿੱਚ ਸਰਪੰਚੀ ਲਈ ਤਕੜੀ ਟੱਕਰ ਹੋ ਰਹੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਡੋਰੀ ਵਿੱਚ ਸਮਾਂ ਰਹਿੰਦੇ ਸਰਬ ਸੰਮਤੀ ਲਈ ਵਿਧਾਇਕ ਵੱਲੋਂ ਯਤਨ ਕੀਤੇ ਜਾਂਦੇ ਤਾਂ ਇਸ ਵਾਰ ਸਰਬਸੰਮਤੀ ਦੇ ਯਤਨਾਂ ਨੂੰ ਬੂਰ ਪੈ ਸਕਦਾ ਸੀ। ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿੰਡ ਵਿੱਚ ਵੀ ਚਾਰ ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵਿਧਾਇਕ ਉਗੋਕੇ ਵੱਲੋਂ ਆਪਣੇ ਪਿੰਡ ‘ਚ ਸਰਬਸੰਮਤੀ ਲਈ ਯਤਨ ਵੀ ਨਹੀਂ ਕੀਤੇ ਗਏ। ਹਲਕਾ ਬਰਨਾਲਾ ਤੋਂ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਭਾਵੇਂ ਲੰਮੇ ਸਮੇਂ ਤੋਂ ਬਰਨਾਲਾ ਵਿਖੇ ਰਹਿ ਰਹੇ ਹਨ ਪ੍ਰੰਤੂ ਉਹਨਾਂ ਦੇ ਜੱਦੀ ਪਿੰਡ ਕੁਰੜ ਵਿੱਚ ਉਹਨਾਂ ਦੇ ਸਕਿਆ ਦੀ ਰਿਹਾਇਸ਼ ਹੈ ਜਿਸ ਕਰਕੇ ਮੀਤ ਹੇਅਰ ਦਾ ਕੁਰੜ ਨਾਲ ਦਿਲੀ ਹੇਜ ਹੈ। ਸੂਤਰਾਂ ਅਨੁਸਾਰ ਮੀਤ ਹੇਅਰ ਨੇ ਪਿੰਡ ਦੇ ਲੋਕਾਂ ਨੂੰ ਸਰਬਸੰਮਤੀ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਇੱਕ ਵਾਰ ਸਰਬਸੰਮਤੀ ਦੇ ਯਤਨ ਸਿਰੇ ਚੜਦੇ ਵੀ ਦਿਸੇ ਪ੍ਰੰਤੂ ਪਿੰਡ ਦੇ ਕੁਝ ਲੋਕਾਂ ਦੀਆਂ ਲੋਕਤੰਤਰੀ ਭਾਵਨਾਵਾਂ ਜਾਗ ਉੱਠੀਆਂ ਜਿਸ ਕਰਕੇ ਪਿੰਡ ਕੁਰੜ ਵਿੱਚ ਵੀ ਪੰਚਾਇਤ ਦੀ ਸਰਬਸੰਮਤੀ ਨਹੀਂ ਹੋ ਸਕੀ। ਹੁਣ ਤਿੰਨਾਂ ਵਿਧਾਇਕਾਂ ਦੇ ਜੱਦੀ ਪਿੰਡਾਂ ਦੀ ਸਰਪੰਚੀ ਤਿੰਨਾਂ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਆਪਣੇ ਜੱਦੀ ਪਿੰਡ ਦੀ ਸਰਪੰਚੀ ਜੇਕਰ ਵਿਧਾਇਕ ਹਾਰ ਜਾਵੇ ਤਾਂ ਇਸ ਤੋਂ ਵੱਡਾ ਸਿਆਸੀ ਮਿਹਣਾ ਕੋਈ ਹੋਰ ਨਹੀਂ ਹੁੰਦਾ।










