ਬਰਨਾਲਾ,11 ਅਕਤੂਬਰ, Gee98 news service
-ਚਿਹਰੇ ਦੀ ਚਮੜੀ ਨੂੰ ਚਮਕਦਾਰ ਬਣਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੋਹਣਾ ਦਿਸਣ ਵਾਲਿਆਂ ਲਈ ਇਹ ਖ਼ਬਰ ਚਿੰਤਾਜਨਕ ਹੈ। ਬਰਨਾਲਾ ਖੇਤਰ ਵਿੱਚ ਚਿਹਰੇ ਦੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਨਕਲੀ ਕਰੀਮਾਂ ਵੇਚੇ ਜਾਣ ਦਾ ਗੋਰਖਧੰਦਾ ਸਾਹਮਣੇ ਆਇਆ ਹੈ। ਬੀਤੇ ਕੱਲ੍ਹ ਬਰਨਾਲਾ ਸ਼ਹਿਰ ਵਿੱਚ ਇੱਕ ਕੰਪਨੀ ਦੀਆਂ ਨਕਲੀ ਕਰੀਮਾਂ ਵੇਚਣ ਵਾਲੇ ਏਜੰਟ ਨੂੰ ਅਸਲੀ ਕਰੀਮਾਂ ਵੇਚਣ ਵਾਲਿਆਂ ਨੇ ਖੁਦ ਟਰੈਪ ਲਗਾ ਕੇ ਫੜਿਆ। ਇਸ ਗੋਰਖਧੰਦੇ ਸਬੰਧੀ ਜਾਣਕਾਰੀ ਦਿੰਦੇ ਹੋਏ MK ZONE ਲਈ ਥਰਡ ਪਾਰਟੀ ਮੈਨੂੰਫੈਕਚਰਿੰਗ ਦਾ ਕੰਮ ਕਰਨ ਵਾਲੇ ਬਰਨਾਲਾ ਦੇ ਪੱਤੀ ਰੋਡ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਹ ਭਿਣਕ ਲੱਗੀ ਸੀ ਕਿ ਉਹਨਾਂ ਦੀ ਕੰਪਨੀ ਦੇ ਨਾਮ ‘ਤੇ ਨਕਲੀ ਕਰੀਮ ਬਣਾ ਕੇ ਕੋਈ ਪਿਛਲੇ ਪੰਜ ਛੇ ਮਹੀਨਿਆਂ ਤੋਂ ਮਾਰਕੀਟ ਵਿੱਚ ਵੇਚ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਕਿਸੇ ਤਰ੍ਹਾਂ ਨਕਲੀ ਕਰੀਮਾਂ ਵੇਚਣ ਵਾਲੇ ਏਜੰਟ ਦਾ ਮੋਬਾਇਲ ਨੰਬਰ ਲਿਆ ਤੇ ਉਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇੱਕ ਯੋਜਨਾ ਬਣਾ ਕੇ ਟਰੈਪ ਲਗਾ ਕੇ ਉਸ ਤੋਂ ਮਾਲ ਲੈਣ ਦਾ ਬਹਾਨਾ ਲਗਾ ਕੇ ਉਸ ਨੂੰ ਬਰਨਾਲੇ ਬੁਲਾਇਆ ਅਤੇ ਸਾਡੀ ਕੰਪਨੀ ਦੀਆਂ ਨਕਲੀ ਕਰੀਮਾਂ ਦੀਆਂ ਕਾਫੀ ਵੱਡੀ ਗਿਣਤੀ ਡੱਬੀਆਂ ਸਮੇਤ ਕਾਬੂ ਕੀਤਾ। ਦੱਸ ਦੇਈਏ ਕਿ ਇਸ ਸਾਰੇ ਮਾਮਲੇ ਦੀ ਭਿਣਕ ਜਦ ਪੱਤਰਕਾਰਾਂ ਨੂੰ ਲੱਗੀ ਤਾਂ ਪੱਤਰਕਾਰ ਵੀ ਮੌਕੇ ‘ਤੇ ਪੁੱਜੇ ਅਤੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹੀ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-1 ਦੀ ਪੁਲਿਸ ਦੋਸ਼ੀ ਏਜੰਟ ਨੂੰ ਮੌਕੇ ‘ਤੇ ਹੀ ਗੱਡੀ ‘ਚ ਬਿਠਾ ਕੇ ਥਾਣੇ ਲੈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਨੇ ਕਿ ਦੱਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਦੀ ਗੰਭੀਰਤਾ ਨਾਲ ਪੜ੍ਹਤਾਲ ਕੀਤੀ ਜਾਵੇ ਕਿ ਉਹ ਬਰਨਾਲਾ ਤੋਂ ਬਾਹਰ ਕਿੱਥੇ-ਕਿੱਥੇ ਸਾਡੀ ਕੰਪਨੀ ਦੀਆਂ ਕਰੀਮਾਂ ਵੇਚ ਰਿਹਾ ਹੈ। ਇਸ ਮਾਮਲੇ ਸਬੰਧੀ ਜਦ ਥਾਣਾ ਸਿਟੀ ਦੇ ਸੰਬੰਧਿਤ ਏਐਸਆਈ ਨਾਲ ਪੱਤਰਕਾਰਾਂ ਨੇ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਹ ਵੀ ਕਨਸੋਆਂ ਹਨ ਕਿ ਜਦੋਂ ਪੁਲਿਸ ਨੇ ਨਕਲੀ ਕਰੀਮਾਂ ਵੇਚਣ ਵਾਲੇ ਦੋਸ਼ੀ ਏਜੰਟ ਨੂੰ ਫੜ ਕੇ ਥਾਣੇ ਬਿਠਾ ਲਿਆ ਤਾਂ ਬਰਨਾਲਾ ਸ਼ਹਿਰ ਵਿਚਲੇ ਉਸ ਦੀ ਜਾਣ ਪਛਾਣ ਦੇ ਕੁਝ ਵਿਅਕਤੀ ਮੌਕੇ ‘ਤੇ ਥਾਣੇ ਪੁੱਜੇ ਅਤੇ ਸ਼ਿਕਾਇਤ ਕਰਤਾ ਨਾਲ ਥਾਣੇ ਤੋਂ ਬਾਹਰ ਗਿਟਮਿਟ ਕਰਕੇ ਮਾਮਲੇ ਨੂੰ ਰਫਾ ਦਫਾ ਕਰਵਾ ਦਿੱਤਾ। ਭਰੋਸੇਯੋਗ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਅੰਦਰੂਨੀ ਗਿਟਮਿਟ ਹੋਣ ਤੋਂ ਬਾਅਦ ਪੁਲਿਸ ਨੂੰ ਕਿਹਾ ਕਿ ਉਹ ਦੋਸ਼ੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਜਿਸ ਤੋਂ ਬਾਅਦ ਮਾਮਲਾ ਵਿੱਚ ਵਿਚਾਲੇ ਹੀ ਦੱਬ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਨਕਲੀ ਕਰੀਮਾਂ ਵੇਚ ਕੇ ਲੋਕਾਂ ਨੂੰ ਚਮੜੀ ਰੋਗ ਵਰਗੀ ਭਿਆਨਕ ਬਿਮਾਰੀ ਵੱਲ ਧੱਕਣ ਵਾਲੇ ਇਸ ਗੋਰਖ ਧੰਦੇ ਦਾ ਅਸਲ ਦੋਸ਼ੀ ਸ਼ਿਕਾਇਤਕਰਤਾ ਹੈ ਜਾਂ ਫੜਿਆ ਗਿਆ ਏਜੰਟ ਹੈ ਅਤੇ ਨਕਲੀ ਕਰੀਮਾਂ ਵੇਚਣ ਵਾਲਾ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਆਉਣ ਤੋਂ ਬਾਅਦ ਵੀ ਕਿਵੇਂ ਸੁਰਖਰੂ ਹੋ ਗਿਆ ?
ਫੋਟੋ ਕੈਪਸ਼ਨ-ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨਕਲੀ ਕਰੀਮਾਂ ਦੀਆਂ ਡੱਬੀਆਂ ਦਿਖਾਉਂਦੇ ਹੋਏ ਸ਼ਿਕਾਇਤਕਰਤਾ ਕੁਲਦੀਪ ਸਿੰਘ









