ਚੰਡੀਗੜ੍ਹ, 20 ਅਕਤੂਬਰ, Gee98 news service
-ਪ੍ਰਸਿੱਧ ਕਾਰੋਬਾਰੀ ਗਰੁੱਪ ਉਹ ਵਾਲ ਗਰੁੱਪ ਦੀ ਇੱਕ ਧੀ ਨੂੰ ਯੂਗਾਂਡਾ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਅਨੁਸਾਰ ਭਾਰਤੀ ਮੂਲ ਦੇ ਉਦਯੋਗਪਤੀ ਤੇ ਕਾਰੋਬਾਰੀ ਪੰਕਜ ਓਸਵਾਲ ਦੀ 26 ਸਾਲਾਂ ਦੀ ਵਸੁੰਧਰਾ ਓਸਵਾਲ ਨੂੰ ਕਥਿਤ ਤੌਰ ‘ਤੇ ਯੂਗਾਂਡਾ ‘ਚ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਵਸੁੰਧਰਾ ਓਸਵਾਲ 1 ਅਕਤੂਬਰ ਤੋਂ ਪੁਲਿਸ ਹਿਰਾਸਤ ‘ਚ ਹੈ। ਦੂਜੇ ਪਾਸੇ ਉਸਦੇ ਪਿਤਾ ਕਾਰੋਬਾਰੀ ਪੰਕਜ ਓਸਵਾਲ ਨੇ ਬੇਟੀ ਵਸੁੰਧਰਾ ਦੀ ਨਜ਼ਰਬੰਦੀ ਖਿਲਾਫ ਸੰਯੁਕਤ ਰਾਸ਼ਟਰ ‘ਚ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਨੇ ਯੂਗਾਂਡਾ ਦੇ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਹੈ। ਓਸਵਾਲ ਦਾ ਦਾਅਵਾ ਹੈ ਕਿ ਉਸਦੀ ਧੀ ਖਿਲਾਫ ਲਗਾਏ ਗਏ ਦੋਸ਼ ਇੱਕ ਸਾਬਕਾ ਮੁਲਾਜ਼ਮ ਦੁਆਰਾ ਲਗਾਏ ਗਏ ਝੂਠੇ ਦੋਸ਼ਾਂ ਕਾਰਨ ਸਾਹਮਣੇ ਆਏ ਹਨ ਜਿਸਨੇ ਕੀਮਤੀ ਸਾਮਾਨ ਚੋਰੀ ਕੀਤਾ ਸੀ ਤੇ ਓਸਵਾਲ ਦੇ ਪਰਿਵਾਰ ਨੂੰ ਗਾਰੰਟਰ ਬਣਾ ਕੇ $200,000 ਦਾ ਕਰਜ਼ਾ ਲਿਆ। ਓਸਵਾਲ ਨੇ ਮਨਮਾਨੇ ਢੰਗ ਨਾਲ ਹਿਰਾਸਤ ‘ਚ ਲਏ ਜਾਣ ‘ਤੇ ਸੰਯੁਕਤ ਰਾਸ਼ਟਰ ਵਰਕ ਗਰੁੱਪ ਸਾਹਮਣੇ ਇਕ ਤੁਰੰਤ ਅਪੀਲ ਦਾਇਰ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਵਸੁੰਧਰਾ ਤੋਂ ਅਪਮਾਨਜਨਕ ਹਾਲਾਤ ‘ਚ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਨੂੰ ਕਾਨੂੰਨੀ ਸਲਾਹਕਾਰ ਜਾਂ ਪਰਿਵਾਰ ਦੀ ਪਹੁੰਚ ਦੇ ਬਗੈਰ 90 ਘੰਟੇ ਤੋਂ ਵੱਧ ਸਮੇਂ ਤਕ ਹਿਰਾਸਤ ‘ਚ ਰੱਖਿਆ ਗਿਆ। ਵਸੁੰਧਰਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ‘ਚ ਪਰਿਵਾਰ ਨੇ ਕਿਹਾ, ਉਸ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਉਸ ਦਾ ਫੋਨ ਵੀ ਖੋਹ ਲਿਆ ਗਿਆ ਹੈ ਜਿਸ ਕਾਰਨ ਉਸ ਨੂੰ ਐਂਜ਼ਾਇਟੀ ਅਟੈਕ ਆ ਰਿਹਾ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਉਸ ਨੂੰ ਅਜੇ ਵੀ ਬਿਨਾਂ ਕਿਸੇ ਸਬੂਤ ਦੇ ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ ‘ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਪੰਕਜ ਓਸਵਾਲ ਮਸ਼ਹੂਰ ਭਾਰਤੀ ਕਾਰੋਬਾਰੀ ਹੈ। ਉਨ੍ਹਾਂ ਦੀ ਪਤਨੀ ਰਾਧਿਕਾ ਓਸਵਾਲ ਵੀ ਕਾਰੋਬਾਰੀ ਪਰਿਵਾਰ ਨਾਲ ਜੁੜੀ ਹੋਈ ਹੈ। ਲੁਧਿਆਣਾ ‘ਚ ਜਨਮੇ ਪੰਕਜ ਦੇ ਦਾਦਾ ਲਾਲਾ ਵਿਦਿਆਸਾਗਰ ਓਸਵਾਲ ਨੇ ਓਸਵਾਲ ਗਰੁੱਪ ਦੀ ਸਥਾਪਨਾ ਕੀਤੀ ਸੀ। ਪੰਕਜ ਦੇ ਪਿਤਾ ਅਭੈ ਕੁਮਾਰ ਓਸਵਾਲ ਓਸਵਾਲ ਐਗਰੋ ਮਿੱਲਜ਼ ਤੇ ਓਸਵਾਲ ਗ੍ਰੀਨਟੈਕ ਦੇ ਸੰਸਥਾਪਕ ਸਨ।ਮਨੀਪਾਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਾਰੋਬਾਰ ‘ਚ ਮਦਦ ਕਰਨੀ ਸ਼ੁਰੂ ਕਰ ਦਿੱਤੀ। ਵਿਆਹ ਤੋਂ ਬਾਅਦ ਪੰਕਜ ਨੇ 2006 ‘ਚ ਆਸਟ੍ਰੇਲੀਆ ‘ਚ ਬਰੈਪ ਹੋਲਡਿੰਗਸ ਲਿਮਟਿਡ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਕੰਪਨੀ ਲਿਕਵਿਡ ਅਮੋਨੀਆ ਦੇ ਉਤਪਾਦਨ ‘ਚ ਦਿੱਗਜ ਕੰਪਨੀਆਂ ‘ਚ ਸ਼ਾਮਲ ਸੀ। ਓਸਵਾਲ ਨੂੰ ਪੈਟਰੋ ਕੈਮੀਕਲ, ਰੀਅਲ ਅਸਟੇਟ, ਖਾਦ ਤੇ ਮਾਈਨਿੰਗ ਸੈਕਟਰ ‘ਚ ਵੱਡੇ ਖਿਡਾਰੀ ਵਜੋਂ ਜਾਣਿਆ ਜਾਂਦਾ ਹੈ।