Gee 98News

ਨੈਸ਼ਨਲ ਹੈਲਥ ਮਿਸ਼ਨ ਦੇ ਕਾਮੇ ਜ਼ਿਮਨੀ ਚੋਣਾਂ ‘ਚ ਸਰਕਾਰ ਦੇ ਲਾਉਣਗੇ ਸੰਘਰਸ਼ ਦਾ ਟੀਕਾ

–ਬਰਨਾਲਾ ਦੇ ਬਾਜ਼ਾਰਾਂ ‘ਚ ਪੋਲ ਖੋਲ੍ਹ ਪਰਚੇ ਵੰਡਣ ਦਾ ਫੈਸਲਾ
ਮਹਿਲ ਕਲਾਂ 06 ਨਵੰਬਰ (ਜਸਵੰਤ ਸਿੰਘ ਲਾਲੀ)- ਆਪਣੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਤੋਂ ਅੱਕੇ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਸਿਹਤ ਕਾਮਿਆਂ ਨੇ ਜ਼ਿਮਨੀ ਚੋਣਾਂ ‘ਚ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਮਲੇਰਕੋਟਲਾ ਨੇ ਕਿਹਾ ਕਿ ਪਿਛਲੇ ਦਿਨੀਂ ਐਨ.ਐਚ.ਐਮ ਇੰ. ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮਿਸ਼ਨ ਡਾਇਰੈਕਟਰ ਨਾਲ ਮੀਟਿੰਗ ਹੋਈ ਜੋ ਕਿ ਪਹਿਲੀਆਂ 25-26 ਮੀਟਿੰਗਾਂ ਦੀ ਤਰ੍ਹਾਂ ਜੁਬਾਨੀ ਭਰੋਸਾ ਸਾਬਿਤ ਹੋਈ।ਇਸ ਮੀਟਿੰਗ ਵਿਚ ਸੂਬਾਈ ਆਗੂਆਂ ਵੱਲੋਂ ਪੰਜਾਬ ਸਰਕਾਰ ‘ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਲੱਗਭੱਗ ਢਾਈ ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ। ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ੍ਹ ਰੈਲੀਆਂ ਕਰਕੇ ਪਰਚੇ ਵੰਡੇ ਜਾਣਗੇ। ਇਸ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਦੇ ਪਹਿਲੇ ਪੜਾਅ ਤਹਿਤ ਮਿਤੀ 09-11-2024 ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪੋਲ ਖੋਲ੍ਹ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਗੁਰਦੀਪ ਸਿੰਘ ਜ਼ਿਲ੍ਹਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਸਬੰਧੀ ਯੂਨੀਅਨ ਆਗੂਆਂ ਨਾਲ ਪੈਨਲ ਮੀਟਿੰਗਾਂ ਕਰਨ ਤੋਂ ਭੱਜਦੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਪੰਜਾਬ ਨਾਲੋਂ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੂੰ ਸਿਰਫ਼ ਲਾਰੇ ਹੀ ਲਾ ਰਹੀ ਹੈ। ਆਗੂਆਂ ਦੇ ਚਿਤਾਵਨੀ ਦਿੱਤੀ ਕਿ ਜਿਮਨੀ ਚੋਣਾਂ ਚ ਸਰਕਾਰ ਨੂੰ ਨੈਸ਼ਨਲ ਹੈਲਥ ਮਿਸ਼ਨ ਕਾਮਿਆਂ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਇਸ ਮੌਕੇ ਅਰੁਨ ਕੁਮਾਰ,ਹਰਜੀਤ ਸਿੰਘ,ਵਿਪਨ ਸਿੰਗਲਾ , ਰਾਕੇਸ਼ ਕੁਮਾਰ, ਮੰਜੂ ਬਾਲਾ ,ਜਸਵਿੰਦਰ ਸਿੰਘ, ਜੋਤੀ ,ਰਿਵੇਕਾ ਆਦਿ ਵੀ ਹਾਜ਼ਰ ਸਨ।

error: Content is protected !!