Gee 98News

ਅਮਨਾ ਪੰਡੋਰੀ ਦੇ ਕਤਲ ਦਾ ਇੱਕ ਦੋਸ਼ੀ ਜੱਸੀ ਢੱਟ ਕਾਬੂ…BKU ਦੁਆਬਾ ਨੇ ਢੱਟ ਦੇ ਖ਼ਿਲਾਫ਼ ਅਜੇ ਤੱਕ ਨਹੀਂ ਕੀਤੀ ਕੋਈ ਕਾਰਵਾਈ

ਚੰਡੀਗੜ੍ਹ, 6 ਨਵੰਬਰ, Gee98 News service
-ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਇੱਕ ਨੌਜਵਾਨ ਅਮਨਦੀਪ ਸਿੰਘ ਅਮਨਾ ਦੇ 1 ਨਵੰਬਰ ਦੇਰ ਰਾਤ ਹੋਏ ਕਤਲ ਦੇ ਇੱਕ ਦੋਸ਼ੀ ਜਸਪ੍ਰੀਤ ਸਿੰਘ ਜੱਸੀ ਢੱਟ ਨੂੰ ਰਾਏਕੋਟ ਪੁਲਿਸ ਨੇ ਕਾਬੂ ਕਰ ਲਿਆ ਹੈ। ‌ ਦੱਸ ਦੇਈਏ ਕਿ ਜੱਸੀ ਢੱਟ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਮ੍ਰਿਤਕ ਅਮਨਾ ਪੰਡੋਰੀ ਵੀ ਇਸੇ ਜਥੇਬੰਦੀ ਨਾਲ ਕੁਝ ਸਮਾਂ ਪਹਿਲਾਂ ਜੁੜਿਆ ਸੀ। ‌ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਜੱਸੀ ਢੱਟ ਦੀ ਗ੍ਰਿਫਤਾਰੀ ਤੋਂ ਬਾਅਦ ਕਤਲ ਦਾ ਇੱਕ ਮੁੱਖ ਦੋਸ਼ੀ ਡੀਸੀ ਨੂਰਪੁਰਾ ਤੇ ਕੁਝ ਹੋਰ ਦੋਸ਼ੀ ਅੱਜ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਜਿਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ‌ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸੀਆਈਏ ਸਟਾਫ਼ ਜਗਰਾਉਂ ਵਿਖੇ ਜੱਸੀ ਢੱਟ ਵੱਲੋਂ ਕਤਲ ਦੀ ਵਾਰਦਾਤ ਸੰਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਮਨਾ ਪੰਡੋਰੀ ਦੇ ਕਤਲ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਦਿਵਾਲੀ ਦੀ ਰਾਤ ਕਰੀਬ 10 ਕੁ ਵਜੇ ਰਾਏਕੋਟ ਵਿਖੇ ਅਮਨਾ ਪੰਡੋਰੀ ‘ਤੇ ਡੀਸੀ ਨੂਰਪੁਰਾ ਅਤੇ ਜੱਸੀ ਢੱਟ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਇਸ ਹਮਲੇ ਦੌਰਾਨ ਉਕਤ ਦੋਸ਼ੀਆਂ ਨੇ ਅਮਨਾ ਪੰਡੋਰੀ ‘ਤੇ ਗੋਲੀਆਂ ਚਲਾਈਆਂ ਜਿਨਾਂ ਵਿੱਚੋਂ ਇੱਕ ਗੋਲੀ ਅਮਨਾ ਪੰਡੋਰੀ ਦੇ ਸਿਰ ਵਿੱਚ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ‌ ਥਾਣਾ ਸਿਟੀ ਰਾਏਕੋਟ ਵਿਖੇ ਵਾਰਦਾਤ ਸੰਬੰਧੀ ਉਕਤ ਦੋਸ਼ੀਆਂ ਦੇ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦਿਵਾਲੀ ਦੀ ਰਾਤ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਥਾਣਾ ਸਿਟੀ ਅਤੇ ਥਾਣਾ ਸਦਰ ਦੇ ਦੋਵੇਂ ਐਸਐਚਓਜ਼ ਦਾ ਤਬਾਦਲਾ ਕਰਕੇ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ‌ ਦੂਜੇ ਪਾਸੇ ਬੀਕੇਯੂ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਮਾਮਲੇ ‘ਚ ਜੱਸੀ ਢੱਟ ਦੀ ਸ਼ਮੂਲੀਅਤ ਸਬੰਧੀ ਜਥੇਬੰਦੀ ਦੀ ਲੋਕਲ ਕਮੇਟੀ ਪੜ੍ਹਤਾਲ ਕਰੇਗੀ ਜੇਕਰ ਪੜ੍ਹਤਾਲ ਤੋਂ ਬਾਅਦ ਜੱਸੀ ਢੱਟ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਸਵਾਲ ਖੜੇ ਹੁੰਦੇ ਹਨ ਕਿ ਕਤਲ ਵਰਗੀ ਸੰਗੀਨ ਵਾਰਦਾਤ ਵਿੱਚ ਜ਼ਿਲ੍ਹਾ ਪ੍ਰਧਾਨ ਦਾ ਨਾਮ ਆਉਣ ਤੋਂ ਇੱਕ ਹਫਤਾ ਬੀਤਣ ਦੇ ਬਾਵਜੂਦ ਵੀ ਜਥੇਬੰਦੀ ਵੱਲੋਂ ਆਪਣੇ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਪੜ੍ਹਤਾਲ ਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ, ਜਦ ਕਿ ਹੋਰ ਨਿੱਕੀਆਂ ਮੋਟੀਆਂ ਘਟਨਾਵਾਂ ਸਬੰਧੀ ਜਥੇਬੰਦੀਆਂ ਵੱਲੋਂ ਤੁਰੰਤ ਤੱਥ ਖੋਜ ਕਮੇਟੀਆਂ ਦਾ ਗਠਨ ਕਰ ਦਿੱਤਾ ਜਾਂਦਾ ਹੈ।
ਫੋਟੋ ਕੈਪਸ਼ਨ-ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਸਪ੍ਰੀਤ ਸਿੰਘ ਜੱਸੀ ਢੱਟ ਦੀ ਤਸਵੀਰ

error: Content is protected !!