Gee 98News

ਪ੍ਰਤਾਪ ਬਾਜਵਾ ਦੇ ਬਿਆਨ ਨੇ ਰਾਜਾ ਵੜਿੰਗ ਨਾਲ ਦਲਵੀਰ ਗੋਲਡੀ ਦੀ ਤਸਵੀਰ ਦੀ ਚਮਕ ਕੀਤੀ ਫਿੱਕੀ

— ਗੋਲਡੀ ਦੀ ਘਰ ਵਾਪਸੀ ‘ਤੇ ਬਾਜਵਾ ਦੇ ਤੇਵਰ ਤਿੱਖੇ
ਚੰਡੀਗੜ੍ਹ,15 ਨਵੰਬਰ, Gee98 news service
-ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਕਾਂਗਰਸੀ ਦਲਵੀਰ ਸਿੰਘ ਗੋਲਡੀ ਦੀ ਕਾਂਗਰਸ ਵਿੱਚ ਘਰ ਵਾਪਸੀ ਨੂੰ ਲੈ ਕੇ ਕਲੇਸ਼ ਖੜਾ ਹੁੰਦਾ ਜਾਪਦਾ ਹੈ। ਜ਼ਿਮਨੀ ਚੋਣ ਲਈ ਹਲਕਾ ਗਿੱਦੜਬਾਹਾ ਵਿੱਚ ਗੋਲਡੀ ਵੱਲੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਗੋਲਡੀ ਦੀ ਘਰ ਵਾਪਸੀ ਦੀ ਚਰਚਾ ਚੱਲੀ, ਇਸ ਦੌਰਾਨ ਰਾਜਾ ਵੜਿੰਗ ਨਾਲ ਦਲਵੀਰ ਸਿੰਘ ਗੋਲਡੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ। ਦੱਸ ਦੇਈਏ ਕਿ ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਤੋਂ ਨਾਤਾ ਤੋੜ ਲਿਆ ਤੇ ਉਸ ਨੇ ਕੁਝ ਦਿਨ ਪਹਿਲਾਂ ਘਰ ਵਾਪਸੀ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ। ਦੂਜੇ ਪਾਸੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲੋਕ ਸਭਾ ਚੋਣਾਂ ਦੌਰਾਨ ਜਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਾਂਗਰਸ ਨਾਲ ਗਦਾਰੀ ਕਰਨ ਵਾਲੇ ਆਗੂਆਂ ਦੀ ਘਰ ਵਾਪਸੀ ‘ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕਾਂਗਰਸ ਵਿੱਚ ਕਿਸੇ ਦੀ ਘਰ ਵਾਪਸੀ ਨਹੀਂ ਹੋ ਸਕਦੀ। ਪ੍ਰਤਾਪ ਸਿੰਘ ਬਾਜਵਾ ਭਾਵੇਂ ਹਲਕਾ ਚੱਬੇਵਾਲ ‘ਚ ਰਾਜਕੁਮਾਰ ਚੱਬੇਵਾਲ ਬਾਰੇ ਗੱਲ ਕਰ ਰਹੇ ਸਨ ਪ੍ਰੰਤੂ ਉਹਨਾਂ ਦੇ ਸ਼ਬਦਾਂ ਨੂੰ ਦਲਵੀਰ ਗੋਲਡੀ ਦੇ ਸੰਦਰਭ ‘ਚ ਵੀ ਵੇਖਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਕਾਂਗਰਸੀ ਵਰਕਰਾਂ ਦੀ ਵੀ ਇਹੋ ਹੈ ਕਿ ਚੋਣਾਂ ਦੇ ਸਮੇਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਗਦਾਰ ਆਗੂਆਂ ਨੂੰ ਕਦੇ ਵੀ ਪਾਰਟੀ ਵਿੱਚ ਮੁੜ ਸ਼ਾਮਿਲ ਨਹੀਂ ਕਰਨਾ ਚਾਹੀਦਾ। ਪ੍ਰਤਾਪ ਸਿੰਘ ਬਾਜਵਾ ਦੇ ਬਿਆਲ ਨੇ ਰਾਜਾ ਵੜਿੰਗ ਨਾਲ ਦਲਵੀਰ ਗੋਲਡੀ ਦੀ ਤਸਵੀਰ ਫਿੱਕੀ ਕਰ ਦਿੱਤੀ ਹੈ। ‌ ਜਾਪਦਾ ਹੈ ਕਿ ਆਉਣ ਵਾਲੇ ਸਮੇਂ ‘ਚ ਗੋਲਡੀ ਦੀ ਘਰ ਵਾਪਸੀ ਦੇ ਮਾਮਲੇ ‘ਤੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਵੀ ਆਹਮੋ ਸਾਹਮਣੇ ਹੋ ਸਕਦੇ ਹਨ। ਕਾਂਗਰਸੀ ਵਰਕਰਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ ਤਾਰੀਫ਼ ਕੀਤੀ ਜਾ ਰਹੀ ਹੈ।

error: Content is protected !!