Gee 98News

ਚੀਕਾਂ ਪਵਾਉਣੀਆਂ ਇੱਕ ਦਿਨ ਤੇਰੀਆਂ..ਯਾਦ ਰੱਖੀਂ, ਤੈਨੂੰ ਅੱਜ ਤੱਕ ਕਦੇ ਕੁੱਝ ਕਿਹਾ ਨਹੀਂ..AAP MLA ਨੇ BJP ਆਗੂ ਨੂੰ ਦਿੱਤੀ ਸਿੱਧੀ ਧਮਕੀ

ਚੰਡੀਗੜ੍ਹ,29 ਨਵੰਬਰ, Gee98 news service
ਅਕਸਰ ਇਹ ਚਰਚਾ ਹੁੰਦੀ ਹੈ ਕਿ ਪੰਜਾਬ ‘ਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ,ਨਸ਼ਾ ਤਸਕਰੀ, ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕੁਝ ਸੱਤਾਧਾਰੀ ਵਿਧਾਇਕਾਂ ਦਾ ਥਾਪੜਾ ਹੈ। ਅਜਿਹੀ ਚਰਚਾ ਦੇ ਸੱਚ ਹੋਣ ਦਾ ਮੁਜਾਹਰਾ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਆਪਣੇ ਭਾਸ਼ਣ ਦੌਰਾਨ ਕੀਤਾ ਜਦੋਂ ਉਸਨੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਖਿਲਾਫ ਥਾਣੇ ਅੱਗੇ ਧਰਨਾ ਦੇਣ ਵਾਲੇ ਭਾਜਪਾ ਆਗੂ ਨੂੰ ਸਿੱਧੀ ਧਮਕੀ ਦੇ ਦਿੱਤੀ। ਭਾਸ਼ਣ ਦੌਰਾਨ ਸੱਤਾਧਾਰੀ ਵਿਧਾਇਕ ਦੇ ਸਿਰ ‘ਤੇ ਸੱਤਾ ਦਾ ਜ਼ੋਰ ਇਸ ਕਦਰ ਸਿਰ ਚੜ ਕੇ ਬੋਲ ਰਿਹਾ ਹੈ ਕਿ ਉਸਨੇ ਚੋਰਾਂ ਤੇ ਲੁਟੇਰਿਆਂ ਦੀ ਤਰਫ਼ਦਾਰੀ ਹੀ ਕਰ ਦਿੱਤੀ। ਇਸ ਸਬੰਧੀ ਘਨੌਰ ਤੋਂ ਆਪ ਵਿਧਾਇਕ ਗੁਰਲਾਲ ਘਨੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਭਾਜਪਾ ਆਗੂ ਵਿਕਾਸ ਸ਼ਰਮਾ ਨੂੰ ”ਚੀਕਾਂ ਕਢਵਾਉਣ ” ਦੀ ਧਮਕੀ ਦੇ ਰਹੇ ਹਨ। ਦੱਸ ਦੇਈਏ ਕਿ ਵਾਇਰਲ ਹੋਈ ਵੀਡੀਓ ਵਿੱਚ ਆਮ ਆਦਮੀ ਪਾਰਟੀ ਆਗੂ ਇੱਕ ਇੱਕਠ ਦੌਰਾਨ ਇਹ ਕਹਿੰਦਾ ਵਿਖਾਈ ਦੇ ਰਿਹਾ ਸੀ ਕਿ, ” ਸਾਡਾ ਇੱਕ ਭਰਾ ਧਰਨਾ ਲਾ ਕੇ ਬੈਠਾ ਸੀ, ਉਹਨੂੰ ਇੱਕ ਗੱਲ ਦੱਸ ਦੇਇਓ ਕਿ ਚੀਕਾਂ ਤੇਰੀਆਂ ਪਵਾਉਣੀਆਂ ਇੱਕ ਦਿਨ ਯਾਦ ਰੱਖੀਂ, ਤੈਨੂੰ ਅੱਜ ਤੱਕ ਕਦੇ ਕੁੱਝ ਕਿਹਾ ਨਹੀਂ…ਜਿੱਦਣ ਕਿਹਾ, ਤੇਰੀਆਂ ਚੀਕਾਂ ਨਿਕਲ ਜਾਣੀਆਂ…ਇਹੋ ਜਿਹੇ ਪੰਗੇ ਨਾ ਲਿਆ ਕਰ, ਵਧੀਆ ਰਹੇਂਗਾ। ਆਪ ਐਮਐਲਏ ਗੁਰਲਾਲ ਸਿੰਘ ਨੇ ਅੱਗੇ ਕਿਹਾ ਸੀ, ”ਤੈਨੂੰ ਕੋਈ ਗੱਲ ਐ, ਮੁਸੀਬਤ ਹੈ, ਲਿਖ ਕੇ ਦੇ…ਜੇ ਮਸਲਾ ਹੱਲ ਨਾ ਹੋਵੇ ਤਾਂ ਤੂੰ ਧਰਨਾ ਲਾਈਂ ਫਿਰ ਨਾਲ ਬੈਠਾਂ… ਜੋ ਤੇਰੇ ਨਾਲ ਧਰਨੇ ਵਿੱਚ ਬੈਠੇ ਹਨ, ਇਨ੍ਹਾਂ ਵਿਚੋਂ ਕੁੱਝ ਚੋਰ ਵੀ ਹਨ।” ਦੂਜੇ ਪਾਸੇ ਭਾਜਪਾ ਆਗੂ ਵਿਕਾਸ ਸਮਾਂ ਨੇ ਵੀ ਉਸੇ ਲਹਿਜੇ ਚ ਜਵਾਬ ਦਿੰਦੇ ਹੋਏ ਕਿਹਾ ਕਿ “ਜੇਕਰ ਪੰਜਾਬ ‘ਚ ਤੁਹਾਡੀ ਸਰਕਾਰ ਹੈ ਤਾਂ ਕੇਂਦਰ ‘ਚ ਸਾਡੀ ਵੀ ਸਰਕਾਰ ਹੈ। ਇਸ ਤਰ੍ਹਾਂ ਦੀਆਂ ਫੁਕਰੀਆਂ ਨਾ ਮਾਰੋ, ਇਹ ਗੱਲਾਂ ਸਾਨੂੰ ਵੀ ਕਰਨੀਆਂ ਆਉਂਦੀਆਂ ਹਨ। ਤੁਸੀ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਪਹਿਲਾਂ ਘਨੌਰ ਵਿਚੋਂ ਵਾਰਦਾਤਾਂ ਕਰਨ ਵਾਲਿਆਂ ਨੂੰ ਠੱਲ੍ਹ ਪਾ ਲਓ, ਜੋ ਕਿ ਤੁਹਾਡੀ ਡਿਊਟੀ ਵੀ ਬਣਦੀ ਹੈ”।

error: Content is protected !!