Skip to main content

Gee 98News

ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ…ਪੜ੍ਹੋ ਜਾਣਕਾਰੀ

-ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਉਣ ਵਾਲਾ ਵਿਅਕਤੀ ਕੋਈ ਆਮ ਨਹੀਂ ਹੈ, ਸਗੋਂ ਉਹ ਇੱਕ ਹਿਸਟਰੀ ਸ਼ੀਟਰ ਅਪਰਾਧੀ ਹੈ ਜਿਸ ਉੱਪਰ ਪਹਿਲਾਂ ਹੀ ਕਈ ਮੁਕੱਦਮੇ ਦਰਜ ਹਨ। ‌4 ਅਪ੍ਰੈਲ 1956 ਨੂੰ ਜਨਮੇ ਨਰਾਇਣ ਸਿੰਘ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਪੇਸ਼ੇ ਵਜੋਂ ਵਕੀਲ ਹਨ। ਨਰਾਇਣ ਸਿੰਘ ਚੌੜਾ “ਖ਼ਾਲਿਸਤਾਨ ਵਿਰੁੱਧ ਸਾਜਿਸ਼” ਕਿਤਾਬ ਦੇ ਲੇਖਕ ਵੀ ਹਨ। ਇਸ ਕਿਤਾਬ ਦੀ ਬਹੁਤ ਚਰਚਾ ਹੋਈ ਸੀ। ‌ਚੌੜਾ ਨੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਮਿਸ਼ਨਰੀ ਪਾਸ ਕਰ ਕੇ ਗੁਰਬਾਣੀ ਦੀ ਕਥਾ ਅਤੇ ਲੈਕਚਰ ਕਰਨ ਦੀ ਸਿੱਖਿਆ ਹਾਸਿਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਡੀ ਚੰਡੀਗੜ੍ਹ ਤੋਂ ਗਿਆਨੀ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਸਿੱਖਿਆ ਵਿੱਚ ਡਿਪਲੋਮਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ਵਿੱਚ ਅਤੇ ਪੰਜਾਬੀ ਵਿੱਚ ਐੱਮਏ ਦੀਆਂ ਦੋ ਡਿਗਰੀਆਂ ਲਈਆਂ ਹਨ। ਨਰਾਇਣ ਸਿੰਘ ਚੌੜਾ ਦਾ ਮੁੱਖ ਪਰਿਵਾਰਕ ਕਿੱਤਾ ਖੇਤੀਬਾੜੀ ਹੀ ਰਿਹਾ ਹੈ। ਨਰਾਇਣ ਸਿੰਘ ਚੌੜਾ ਦਾ ਸਬੰਧ ਅਕਾਲ ਫੈਡਰੇਸ਼ਨ ਗਰੁੱਪ ਨਾਲ ਹੈ। ਉਹ ਪਹਿਲਾਂ ਉਸ ਦੇ ਕਾਰਜਕਾਰੀ ਕਨਵੀਨਰ ਰਹੇ ਸਨ ਅਤੇ ਫਿਰ ਕਨਵੀਨਰ ਨਿਯੁਕਤ ਹੋਏ। ਨਰਾਇਣ ਸਿੰਘ ਚੌੜਾ ਕੁਝ ਸਾਲਾਂ ਤੱਕ ਸ਼੍ਰੋਮਣੀ ਗੁਰਦੁਾਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਚਾਰਕ ਵੀ ਰਹੇ ਹਨ। ਜੇਲ੍ਹ ਤੋੜਨ ਦੀ ਸਭ ਤੋਂ ਵੱਡੀ ਅਤੇ ਚਰਚਿਤ ਘਟਨਾ ਬੁੜੈਲ ਜੇਲ੍ਹ ਬਰੇਕ ਕਾਂਡ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਊਰਾ, ਜਗਤਾਰ ਸਿੰਘ ਤਾਰਾ ਤੇ ਇੱਕ ਹੋਰ ਕੇਸ ਦਾ ਕੈਦੀ ਦੇਵੀ ਸਿੰਘ ਫਰਾਰ ਹੋ ਗਏ ਸਨ, ਵਿੱਚ ਵੀ ਨਰਾਇਣ ਸਿੰਘ ਚੌੜਾ ਦੀ ਸ਼ਮੂਲੀਅਤ ਰਹੀ ਹੈ। ਉਸ ਦੇ ਖਿਲਾਫ਼ ਵਿਸਫੋਟਕ ਐਕਟ ਦੇ ਤਹਿਤ ਹੀ ਇਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਧੀਨ ਕੇਸਾਂ ਵਿੱਚ ਵੀ ਲੋੜੀਂਦਾ ਸੀ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਵਿੱਚ ਬਰੀ ਵੀ ਕਰ ਦਿੱਤਾ ਸੀ। ਦੋਸ਼ਾਂ ਅਨੁਸਾਰ ਨਾਰਾਇਣ ਸਿੰਘ ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼ ਧ੍ਰੋਹੀ” ਸਾਹਿਤ ‘ਤੇ ਇੱਕ ਕਿਤਾਬ ਲਿਖੀ।‌ਚੌੜਾ ਸਤੰਬਰ 1995 ਤੋਂ ਜੁਲਾਈ 1997, ਜਨਵਰੀ 2004 ਤੋਂ ਅਪ੍ਰੈਲ 2005 ਤੱਕ, ਫਰਵਰੀ 2013 ਤੋਂ ਅਗਸਤ 2018 ਤੱਕ, ਅੰਮ੍ਰਿਤਸਰ, ਜਲੰਧਰ, ਨਾਭਾ ਅਤੇ ਚੰਡੀਗੜ੍ਹ ਦੀਆਂ ਜ਼ਿਆਦਾਤਰ ਸੁਰੱਖਿਆ ਜੇਲ੍ਹਾਂ ਵਿੱਚ ਵੱਖ-ਵੱਖ ਕੇਸਾਂ ਤਹਿਤ ਬੰਦ ਵੀ ਰਹੇ ਹਨ। ਅਕਾਲ ਫੈਡਰੇਸ਼ਨ ਗਰੁੱਪ ਅਤੇ ਦਲ ਖਾਲਸਾ ਨਾਲ ਜੁੜੇ ਨਰਾਇਣ ਸਿੰਘ ਚੌੜਾ ਨਾਮ ਦੇ ਇਸ ਵਿਅਕਤੀ ਵੱਲੋਂ ਸੁਖਬੀਰ ਬਾਦਲ ਉੱਪਰ ਕੀਤੇ ਹਮਲੇ ਦੀ ਘਟਨਾ ਨੇ ਸਿੱਖ ਸਿਆਸਤ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਵਿੱਚ ਵੀ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ‌ ਇਸ ਘਟਨਾ ਦਾ ਸਭ ਤੋਂ ਅਹਿਮ ਪੱਖ ਇਹੀ ਵੇਖਿਆ ਜਾ ਰਿਹਾ ਕਿ ਨਰਾਇਣ ਸਿੰਘ ਚੌੜਾ ਨੇ ਘਟਨਾ ਨੂੰ ਅੰਜਾਮ ਦੇਣ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਹੀ ਕਿਉਂ ਚੁਣਿਆ।

error: Content is protected !!