Skip to main content

Gee 98News

ਪੰਜਾਬ ‘ਚ ਤਿੰਨ ਦਿਨ ਸਰਕਾਰੀ ਬੱਸਾਂ ਦਾ ਚੱਕਾ ਰਹੇਗਾ ਜਾਮ…ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਫੈਸਲੇ ਤੋਂ ਬਾਅਦ ਸਰਕਾਰੀ ਬੱਸਾਂ ਦੇ ਕਾਮਿਆਂ ਦੀ ਜਥੇਬੰਦੀ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਿਆਨ ਦਿੱਤਾ ਸੀ ਕਿ ਸਰਕਾਰ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਵੇਗੀ। ‌ ਸਰਕਾਰੀ ਬੱਸਾਂ ਦੇ ਕਾਮਿਆਂ ਦੀ ਜਥੇਬੰਦੀ ਪਿਛਲੇ ਕਾਫੀ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਸੂਬੇ ‘ਚ ਘੱਟੋ ਘੱਟ 10000 ਬੱਸਾਂ ਸਰਕਾਰ ਆਪਣੇ ਪੱਧਰ ‘ਤੇ ਨਵੀਆਂ ਚਲਾਵੇ ਪ੍ਰੰਤੂ ਸਰਕਾਰ ਯੂਨੀਅਨ ਦੀਆਂ ਮੰਗਾਂ ਮੰਨਣ ਦੀ ਬਜਾਏ ਆਪਣੇ ਪੱਧਰ ‘ਤੇ ਹੀ ਫੈਸਲੇ ਕਰ ਰਹੀ ਹੈ ਜਿਸ ਨਾਲ ਯੂਨੀਅਨ ‘ਚ ਸਰਕਾਰ ਦੇ ਪ੍ਰਤੀ ਡਾਹਢਾ ਰੋਸ ਹੈ।‌ ਬੀਤੇ ਕੱਲ੍ਹ ਬਰਨਾਲਾ ਡੀਪੂ ‘ਚ ਗੇਟ ਰੈਲੀ ਤੋਂ ਬਾਅਦ ਗੱਲਬਾਤ ਕਰਦੇ ਹੋਏ ਜਥੇਬੰਦੀ ਦੇ ਸੂਬਾ ਆਗੂ ਰਣਧੀਰ ਸਿੰਘ ਅਤੇ ਡੀਪੂ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ‌ਟਰਾਂਸਪੋਰਟ ਮੰਤਰੀ ਵੱਲੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਬਿਆਨ ਤੋਂ ਬਾਅਦ ‌ ਜਥੇਬੰਦੀ ਆਪਣਾ ਸੰਘਰਸ਼ ਤੇਜ਼ ਕਰੇਗੀ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਲਾਰੇ ਲਾਏ ਜਾ ਰਹੇ ਹਨ। ਆਗੂਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਪੀਆਰਟੀਸੀ ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਮੰਗ ਲਿਆਂਦੀ ਜਾ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਸਗੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਕਾਮਿਆਂ ਨੂੰ ਵਿਹਲੇ ਕਰਨ ਦੀ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਪੰਜਾਬ ‘ਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਨਹੀਂ ਚਲਾਉਣ ਦਿੱਤੀਆਂ ਜਾਣਗੀਆਂ। ‌ ਉਹਨਾਂ ਦੱਸਿਆ ਕਿ 6,7 ਤੇ 8 ਜਨਵਰੀ ਨੂੰ ਪੰਜਾਬ ਦੇ 27 ਡੀਪੂ ਮੁਕੰਮਲ ਤੌਰ ‘ਤੇ ਬੰਦ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਜਬਰਦਸਤ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਜਦੋਂ ਜਥੇਬੰਦੀ ਸੰਘਰਸ਼ ਦਾ ਐਲਾਨ ਕਰਦੀ ਹੈ ਤਾਂ ਮੈਨੇਜਮੈਂਟ ਵੱਲੋਂ ਮੀਟਿੰਗ ਦੇ ਕੇ ਲਾਰੇ ਲਾਏ ਜਾਂਦੇ ਹਨ ਪਰੰਤੂ ਹੁਣ ਜਥੇਬੰਦੀ ਆਰ ਪਾਰ ਦਾ ਸੰਘਰਸ਼ ਲੜੇਗੀ।

error: Content is protected !!