ਬਰਨਾਲਾ, 3 ਜਨਵਰੀ ( ਨਿਰਮਲ ਸਿੰਘ ਪੰਡੋਰੀ)-
-ਬਲਾਕ ਮਹਿਲ ਕਲਾਂ ਦੇ ਪਿੰਡ ਮਹਿਲ ਖੁਰਦ ਦੀ ਪੰਚਾਇਤ ਨੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਇਕ ਮੀਟਿੰਗ ਕਰਕੇ ਪਿੰਡ ਅਤੇ ਸਮਾਜ ਦੀ ਭਲਾਈ ਲਈ ਕੁਝ ਅਹਿਮ ਮਤੇ ਪਾਸ ਕੀਤੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ‘ਚ ਕਿਸੇ ਵੀ ਤਰਾਂ ਦਾ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਪੰਚਾਇਤ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਚੋਰੀ, ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਮਗਰ ਥਾਣੇ ਨਹੀਂ ਜਾਇਆ ਜਾਵੇਗਾ। ਇਸ ਤੋਂ ਇਲਾਵਾ ਸੀਵਰੇਜ ਵਿੱਚ ਕੂੜਾ ਕਰਕਟ, ਲਿਫ਼ਾਫ਼ੇ ਤੇ ਮੱਝਾਂ ਦਾ ਗੋਹਾ ਘੋਲ ਕੇ ਸੁੱਟਣ ਸਬੰਧੀ ਵੀ ਮਤਾ ਪਾਸ ਕੀਤਾ ਗਿਆ ਤੇ ਅਜਿਹਾ ਕਰਨ ਵਾਲਿਆਂ ਦੇ ਖ਼ਿਲਾਫ਼ ਪੰਚਾਇਤ ਵੱਲੋਂ ਕਾਰਵਾਈ ਕੀਤੀ ਜਾਵੇਗੀ। ਪਿੰਡ ਵਿੱਚੋਂ ਲੰਘਣ ਸਮੇਂ ਟਰੈਕਟਰਾਂ ‘ਤੇ ਉਚੀ ਆਵਾਜ਼ ਵਿੱਚ ਡੈੱਕ ਲਗਾ ਕੇ ਲੰਘਣਾ ਵੀ ਬੰਦ ਕੀਤਾ ਗਿਆ ਹੈ ਅਤੇ ਮੋਟਰ ਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਪਿੰਡ ਵਿੱਚ ਕੋਈ ਵੀ ਚੀਜ਼ ਵੇਚਣ ਆਉਣ ਵਾਲਿਆਂ ਲਈ ਸਪੀਕਰ ‘ਤੇ ਹੋਕਾ ਦੇਣ ਵਾਲਿਆਂ ਉਪਰ ਵੀ ਪਾਬੰਦੀ ਲਗਾਈ ਗਈ ਹੈ। ਪੰਚਾਇਤ ਵੱਲੋਂ ਪਾਸ ਕੀਤੇ ਗਏ ਇੱਕ ਅਹਿਮ ਮਤੇ ਅਨੁਸਾਰ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਅਤੇ ਵੋਟ ਨਹੀਂ ਬਣੇਗੀ। ਪਿੰਡ ਵਿੱਚ ਕੰਮ ਕਰਨ ਵਾਲੇ ਪ੍ਰਵਾਸੀਆਂ ਦੀ ਸ਼ਨਾਖਤ ਲਈ ਵੀ ਪੰਚਾਇਤ ਵੱਲੋਂ ਧਿਆਨ ਦਿੱਤਾ ਜਾਵੇਗਾ। ਪਿੰਡ ਵਿੱਚ ਬਿਨਾਂ ਜਾਣ ਪਛਾਣ ਵਾਲੇ ਕਿਸੇ ਵਿਅਕਤੀ ਦੀ ਰਾਤ ਸਮੇਂ ਐਂਟਰੀ ਬੰਦ ਕੀਤੀ ਗਈ ਹੈ। ਪਿੰਡ ਦੀ ਸਫਾਈ ਦੇ ਮੱਦੇਨਜ਼ਰ ਪਿੰਡ ਦੀ ਫਿਰਨੀ ਅਤੇ ਗਲੀਆਂ ਨਾਲੀਆਂ ਦੀ ਸਫ਼ਾਈ ਸਬੰਧੀ ਵੀ ਅਹਿਮ ਮਤਾ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਲੱਗੀਆਂ ਮੋਟਰਾਂ ਜਾਂ ਟਰਾਂਸਫਾਰਮਰਾਂ ਤੋਂ ਕੇਬਲ ਤਾਰਾਂ ਅਤੇ ਤੇਲ ਚੋਰੀ ਕਰਨ ਵਾਲਿਆਂ ਦੇ ਖਿਲਾਫ ਵੀ ਪੰਚਾਇਤ ਖੁਦ ਕਾਰਵਾਈ ਕਰੇਗੀ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਪਾਸ ਕੀਤੇ ਇਹਨਾਂ ਮਤਿਆਂ ਨੂੰ ਲਾਗੂ ਕਰਨ ਲਈ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿੰਡ ਅਤੇ ਸਮਾਜ ਦੀ ਭਲਾਈ ਲਈ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਸੰਭਵ ਕਦਮ ਚੁੱਕੇ ਜਾਣਗੇ। ਇਸ ਮੌਕੇ ਪਿੰਡ ਦੀ ਪੰਚਾਇਤ ਦੇ ਸਮੁੱਚੇ ਪੰਚ ਵੀ ਹਾਜ਼ਰ ਸਨ।









