ਚੰਡੀਗੜ੍ਹ,3 ਜਨਵਰੀ, Gee98 news service
-ਆਪਣੀਆਂ ਮੰਗਾਂ ਦੇ ਹੱਕ ਵਿੱਚ ਪਿਛਲੇ 12 ਕੁ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਮਰਨ ਵਰਤ ‘ਤੇ ਬੈਠੇ ਇੱਕ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਨੂੰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਧਰਨੇ ਤੋਂ ਚੁੱਕ ਲਿਆ। ਪੁਲਿਸ ਨੇ ਇਹ ਕਾਰਵਾਈ ਬੀਤੀ ਰਾਤ 11 ਕੁ ਵਜੇ ਕੀਤੀ। ਜੋਨੀ ਸਿੰਗਲਾ ਦੇ ਨਾਲ ਧਰਨੇ ‘ਤੇ ਬੈਠੇ ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਸਾਰੇ ਟੈਂਟ ਵਿੱਚ ਸੌਂ ਰਹੇ ਸਨ ਤਾਂ 150 ਦੇ ਕਰੀਬ ਪੁਲਿਸ ਮੁਲਾਜ਼ਮ ਟੈਂਟ ਵਿੱਚ ਆਏ ਅਤੇ ਜੋਨੀ ਸਿੰਗਲਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਅਧਿਆਪਕਾਂ ਨੇ ਕਿਹਾ ਕਿ ਜਦ ਉਹਨਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਉਹਨਾਂ ਨਾਲ ਹੱਥੋਪਾਈ ਕੀਤੀ ਅਤੇ ਜਿਸ ਕਿਸੇ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਦਾ ਮੋਬਾਇਲ ਖੋਹ ਲਿਆ ਗਿਆ। ਦੱਸ ਦੇਈਏ ਕਿ ਕੰਪਿਊਟਰ ਅਧਿਆਪਕ ਪਿਛਲੇ ਕਈ ਵਰ੍ਹਿਆਂ ਤੋਂ ਆਪਣੀਆਂ ਮੰਗਾਂ ਪ੍ਰਤੀ ਸਰਕਾਰਾਂ ਦੇ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤੂ ਕਿਸੇ ਵੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀ ਅਜੇ ਤੱਕ ਕੋਈ ਗੱਲ ਨਹੀਂ ਸੁਣੀ। ਯੂਨੀਅਨ ਦਾ ਇੱਕ ਮੈਂਬਰ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਸੰਗਰੂਰ ਵਿਖੇ ਪਿਛਲੇ 12 ਕੁ ਦਿਨਾਂ ਤੋਂ ਮਰਨ ਵਰਤ ‘ਤੇ ਬੈਠਾ ਹੈ ਜਿਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਹਨਾਂ ਕੰਪਿਊਟਰ ਅਧਿਆਪਕਾਂ ਦੀ ਗੱਲ ਸੁਣ ਕੇ ਇਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਰਾਹੀਂ ਧੱਕੇਸ਼ਾਹੀ ਕਰਦੇ ਹੋਏ ਮਰਨ ਵਰਤ ‘ਤੇ ਬੈਠੇ ਕੰਪਿਊਟਰ ਅਧਿਆਪਕ ਨੂੰ ਹੀ ਚੁੱਕ ਲਿਆ। ਕੰਪਿਊਟਰ ਅਧਿਆਪਕਾਂ ਦੀ ਜਥੇਬੰਦੀ ਨੇ ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਗੁੰਡਾਗਰਦੀ ਕਰਾਰ ਦਿੱਤਾ ਹੈ। ਜਿਕਰਯੋਗ ਹੈ ਕਿ ਇੱਕ ਪਾਸੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਪਿਛਲੇ 38 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਪ੍ਰੰਤੂ ਦੂਜੇ ਪਾਸੇ ਆਪਣਾ ਰੁਜ਼ਗਾਰ ਬਚਾਉਣ ਦੀ ਖਾਤਰ ਮਰਨ ਵਰਤ ‘ਤੇ ਬੈਠੇ ਅਧਿਆਪਕ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕ ਲਿਆ। ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਦੇ ਬਾਵਜੂਦ ਵੀ ਇਹ ਧਰਨਾ ਜਾਰੀ ਰਹੇਗਾ।










