ਚੰਡੀਗੜ੍ਹ,8 ਜਨਵਰੀ, Gee98 news service
-ਫਸਲਾਂ ‘ਤੇ ਕਾਨੂੰਨੀ ਗਰੰਟੀ ਸਮੇਤ ਹੋਰ ਕਿਸਾਨੀ ਮੰਗਾਂ ਮਨਵਾਉਣ ਲਈ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਦੀ ਬੋਲਣ ਸ਼ਕਤੀ ਵੀ ਲੱਗਭੱਗ ਜਵਾਬ ਦਿੰਦੀ ਜਾ ਰਹੀ ਹੈ। ਡਾਕਟਰ ਅਨੁਸਾਰ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਅਸਥਿਰ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ “ਹੁਣ ਉਹਨਾਂ ਨੂੰ ਕੋਈ ਮਿਲਣ ਨਾ ਆਵੇ, ਇਥੋਂ ਤੱਕ ਕਿ ਡੱਲੇਵਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਣ ਤੋਂ ਮਨਾਂ ਕਰ ਦਿੱਤਾ ਹੈ”। ਡੱਲੇਵਾਲ ਦਾ ਇਹ ਸੁਨੇਹਾ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦਿੱਤਾ। ਡੱਲੇਵਾਲ ਦੀ ਵਿਗੜਦੀ ਹਾਲਤ ਤੋਂ ਮੋਰਚੇ ਵਿੱਚ ਚਿੰਤਾ ਦੀ ਲਹਿਰ ਹੈ। ਬੀਤੇ ਕੱਲ੍ਹ ਹੀ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਸਰਕਾਰ ਨੂੰ ਇਹ ਚੇਤਾਵਨੀ ਤੱਕ ਦੇ ਦਿੱਤੀ ਸੀ ਕਿ ਜੇਕਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਸਰਕਾਰ ਤੋਂ ਸਥਿਤੀ ਸੰਭਾਲੀ ਨਹੀਂ ਜਾਣੀ। ਦੂਜੇ ਪਾਸੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ।










