Gee 98News

ਨਸ਼ਿਆਂ ਦੀ ਖੇਪ ਨਸ਼ਟ ਕਰਦੇ ਸਮੇਂ SP ਤੇ DSP ਦੇ ਝੁਲਸਣ ਦੀ ਘਟਨਾ ਨੇ ਸਿਸਟਮ ਦੀ ਖੋਲ੍ਹੀ ਪੋਲ

-ਪੁਲਿਸ ਵੱਲੋਂ ਦੋਸ਼ੀਆਂ ਤੋਂ ਬਰਾਮਦ ਕੀਤੇ ਨਸ਼ਿਆਂ ਦੀ ਖੇਪ ਨੂੰ ਨਸ਼ਟ ਕਰਨ ਸਮੇਂ ਅੰਮ੍ਰਿਤਸਰ ਵਿਖੇ ਹੋਏ ਇੱਕ ਹਾਦਸੇ ‘ਚ ਪੰਜਾਬ ਪੁਲਿਸ ਦੇ ਐਸਪੀ ਅਤੇ ਡੀਐਸਪੀ ਦੇ ਅੱਗ ਨਾਲ ਝੁਲਸਣ ਕਰਕੇ ਸਖ਼ਤ ਜ਼ਖਮੀ ਹੋ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਨਸ਼ਿਆਂ ਦੀ ਖੇਪ ਨੂੰ ਨਸ਼ਟ ਕਰਨ ਦੀ ਨੀਤੀ ‘ਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਖੰਨਾ ਤੋਂ ਪੁਲਿਸ ਪਾਰਟੀ ਅੰਮ੍ਰਿਤਸਰ ਵਿਖੇ ਨਸ਼ਿਆਂ ਦੀ ਵੱਡੀ ਖੇਪ ਨੂੰ ਨਸ਼ਟ ਕਰਨ ਗਈ ਸੀ ਜਿੱਥੇ ਇਹ ਹਾਦਸਾ ਵਾਪਰਿਆ। ਸੂਤਰਾਂ ਅਨੁਸਾਰ ਨਸ਼ਿਆਂ ਨੂੰ ਅੱਗ ਨਾਲ ਸਾੜਨ ਸਮੇਂ ਬੁਆਇਲਰ ਫਟਣ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਐਸਪੀ ਤਰੁਣ ਰਤਨ ਅਤੇ ਡੀਐਸਪੀ ਸੁਖ ਅੰਮ੍ਰਿਤ ਸਿੰਘ ਅੱਗ ਦੀ ਲਪੇਟ ਵਿੱਚ ਆਉਣ ਨਾਲ ਝੁਲਸ ਗਏ ਜਿਨਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਭਾਵੇਂ ਦੋਵੇਂ ਪੁਲਿਸ ਅਫ਼ਸਰ ਸੁਰੱਖਿਅਤ ਹਨ ਪ੍ਰੰਤੂ ਇਸ ਘਟਨਾ ਨੇ ਪੰਜਾਬ ਪੁਲਿਸ ਦੇ ਕਈ ਵਰ੍ਹਿਆਂ ਦੇ ਰਵਾਇਤੀ ਢੰਗ ਤਰੀਕਿਆਂ ਉੱਪਰ ਗ਼ੌਰ ਕਰਨ ਵੱਲ ਸੰਕੇਤ ਦਿੱਤਾ ਹੈ। ਦੱਸ ਦੇਈਏ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪੁਲਿਸ ਨੂੰ ਸਮੇਂ ਦੀ ਲੋੜ ਮੁਤਾਬਿਕ ਅਤੀ ਆਧੁਨਿਕ ਹਥਿਆਰਾਂ ਤੇ ਵਹੀਕਲਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ ਪ੍ਰੰਤੂ ਪੰਜਾਬ ਦੀ ਪੁਲਿਸ ਫੋਰਸ ਦੇ ਬਹੁਤੇ ਕੰਮ ਅਜਿਹੇ ਹਨ ਜਿਹੜੇ ਰਵਾਇਤੀ ਤੌਰ ਤਰੀਕਿਆਂ ਨਾਲ ਹੀ ਕੀਤੇ ਜਾ ਰਹੇ ਹਨ। ਅਕਸਰ ਪੁਲਿਸ ਵੱਲੋਂ ਬਰਾਮਦਗੀ ਦੇ ਸਮਾਨ ਦੀ ਚਰਚਾ ਹੁੰਦੀ ਰਹਿੰਦੀ ਹੈ ਪਰੰਤੂ ਫਿਰ ਵੀ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ। ਉਕਤ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਨਸ਼ਿਆਂ ਦੀ ਖੇਪ ਨੂੰ ਅੱਗ ਨਾਲ ਸਾੜ ਕੇ ਨਸ਼ਟ ਕੀਤੇ ਜਾਣ ਸਮੇਂ ਸਬੰਧਿਤ ਪੁਲਿਸ ਪਾਰਟੀ ਵੱਲੋਂ ਉੱਚਿਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ ਹੋਵੇਗੀ ਜਾਂ ਫਿਰ ਇਹਨਾਂ ਮਾਪ ਦੰਡਾਂ ਨੂੰ ਬਦਲਣ ਦੀ ਲੋੜ ਹੈ। ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਟਿੱਪਣੀ ਕੀਤੀ ਕਿ ਦੋਸ਼ੀਆਂ ਤੋਂ ਬਰਾਮਦ ਕੀਤੇ ਨਸ਼ਿਆਂ ਦੀ ਖੇਪ ਨੂੰ ਨਸ਼ਟ ਕਰਨ ਸਬੰਧੀ ਵਰਤੇ ਜਾਂਦੇ ਤੌਰ ਤਰੀਕਿਆਂ ਵੱਲ ਅੱਜ ਤੱਕ ਕਿਸੇ ਅਫ਼ਸਰ ਨੇ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਦਾਲਤਾਂ ਵਿੱਚ ਕੇਸਾਂ ਦੇ ਫੈਸਲੇਆਂ ਦੀ ਦੇਰੀ ਦੇ ਕਾਰਨ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਜਮ੍ਹਾਂ ਹੋ ਜਾਂਦੀਆਂ ਹਨ, ਜਿਹੜੀਆਂ ਪੁਲਿਸ ਲਈ ਇੱਕ ਵੱਖਰੀ ਸਿਰਦਰਦੀ ਬਣੀਆਂ ਰਹਿੰਦੀਆਂ ਹਨ। ‌

Gee98 Ads
error: Content is protected !!