ਚੰਡੀਗੜ੍ਹ,5 ਫਰਵਰੀ, Gee98 News service
-ਪੰਜਾਬ ਸਰਕਾਰ ਨੇ ਵਿਦੇਸ਼ੀ ਸੈਰ ਦੇ ਬਹਾਨੇ ਉਧਰ ਸੈੱਟ ਹੋਣ ਵਾਲੇ ਸਰਕਾਰੀ ਅਧਿਕਾਰੀਆਂ, ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤੀ ਕਰਦੇ ਹੋਏ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਉਹ ਅਧਿਕਾਰੀ ਮੁਲਾਜ਼ਮਾਂ ਹਨ ਜਿਹੜੇ ਵਿਦੇਸ਼ ਸੈਰ ਕਰਨ ਲਈ ਛੁੱਟੀ ਲੈ ਕੇ ਗਏ ਪ੍ਰੰਤੂ ਮੁੜ ਨੌਕਰੀ ‘ਤੇ ਵਾਪਸ ਨਹੀਂ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਪਸ਼ੂ ਪਾਲਣ ਵਿਭਾਗ ਨੇ ਵੈਟਰਨਰੀ ਡਾਕਟਰਾਂ ਤੇ ਇੰਸਪੈਕਟਰਾਂ ਦੇ ਖ਼ਿਲਾਫ਼ ਇਹ ਕਾਰਵਾਈ ਆਰੰਭ ਵੀ ਕਰ ਦਿੱਤੀ ਹੈ। ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਜਿਹੇ ਅਧਿਕਾਰੀਆਂ, ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਵਿਦੇਸ਼ ਦੀ ਸੈਰ ਕਰਨ ਗਏ ਅਤੇ ਲੰਮੇ ਸਮੇਂ ਤੋਂ ਵਾਪਸ ਡਿਊਟੀ ‘ਤੇ ਹਾਜ਼ਰ ਨਹੀਂ ਹੋਏ। ਅਜਿਹੇ ਮੁਲਾਜ਼ਮਾਂ ਅਧਿਕਾਰੀਆਂ ਦੀ ਬਰਖਾਸਤਗੀ ਦੀ ਫਾਈਲ ਤਿਆਰ ਕਰਕੇ ਵਿਭਾਗ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਹੈ ਕਿ ਭਵਿੱਖ ਵਿੱਚ ਵੀ ਪਸ਼ੂ ਪਾਲਣ ਵਿਭਾਗ ਨੇ ਵਿਦੇਸ਼ ਜਾਣ ਦੇ ਚਾਹਵਾਨ ਅਧਿਕਾਰੀਆਂ, ਡਾਕਟਰਾਂ ਤੇ ਮੁਲਾਜ਼ਮਾਂ ਨੂੰ ਛੁੱਟੀ ਦੇਣ ਵੇਲੇ ਹੋਰ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਇਸ ਮਹਿਕਮੇ ਦੇ ਡਾਕਟਰ, ਅਧਿਕਾਰੀ, ਮੁਲਾਜ਼ਿਮ ਵਿਦੇਸ਼ ਸੈਰ ਦੇ ਨਾਮ ‘ਤੇ ਛੁੱਟੀ ਕੱਟਣ ਜਾਂਦੇ ਹਨ ਪ੍ਰੰਤੂ ਵਾਪਸ ਨਹੀਂ ਆ ਰਹੇ, ਅਜਿਹਾ ਸ਼ਾਇਦ ਇਸ ਕਰਕੇ ਵੀ ਹੈ ਕਿ ਵਿਦੇਸ਼ਾਂ ਵਿੱਚ ਵੈਟਰਨਰੀ ਡਾਕਟਰਾਂ ਦੀ ਕਾਫੀ ਮੰਗ ਹੈ ਅਤੇ ਉਧਰ ਮਿਹਨਤਾਨਾ ਵੀ ਕਾਫੀ ਮਿਲ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਪਸ਼ੂ ਪਾਲਣ ਵਿਭਾਗ ਦੀ ਇੱਕ ਸੇਵਾ ਮੁਕਤ ਅਧਿਕਾਰੀ ਨੇ ਵੀ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਨੂੰ ਤਨਖਾਹ ਘੱਟ ਦਿੱਤੀ ਜਾ ਰਹੀ ਹੈ ਜਦਕਿ ਇਹਦੇ ਮੁਕਾਬਲੇ ਹਰਿਆਣਾ ਤੇ ਹੋਰ ਰਾਜਾਂ ‘ਚ ਡਾਕਟਰਾਂ ਨੂੰ ਚੰਗੀ ਤਨਖਾਹ ਮਿਲਦੀ ਹੈ। ਬਹਰਹਾਲ! ਕਿਸੇ ਵੀ ਲਾਲਚ ਅਧੀਨ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਅਧਿਕਾਰੀ ਛੁੱਟੀ ਦੇ ਨਾਮ ‘ਤੇ ਵਿਦੇਸ਼ ਜਾ ਕੇ ਸੈੱਟ ਹੋ ਗਏ ਹਨ ਉਹਨਾਂ ਨੂੰ ਹੁਣ ਬਰਖ਼ਾਸਤ ਕੀਤਾ ਜਾਵੇਗਾ।









