ਚੰਡੀਗੜ੍ਹ, 27 ਫਰਵਰੀ, Gee98 News service
-ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਇਹ ਚਰਚਾ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਸੰਜੀਵ ਅਰੋੜਾ ਦੀ ਰਾਜਸਭਾ ਦੀ ਖਾਲੀ ਹੋਈ ਸੀਟ ‘ਤੇ ਪੰਜਾਬ ਤੋਂ ਰਾਜਸਭਾ ਵਿੱਚ ਜਾਣਗੇ। ਭਾਵੇਂ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦਾ ਚੋਣ ਨਤੀਜਾ ਹੀ ਦੱਸੇਗਾ ਕਿ ਉਥੇ ਜਿੱਤ ਕਿਹੜੀ ਪਾਰਟੀ ਦੀ ਹੁੰਦੀ ਹੈ ਪਰੰਤੂ ਜੇਕਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਤਾਂ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਹੀ ਉਹਨਾਂ ਦੀ ਖਾਲੀ ਹੋਈ ਰਾਜਸਭਾ ਦੀ ਸੀਟ ਭਰ ਸਕਦੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਇਸ ਵਿਸ਼ੇ ‘ਤੇ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢ ਰਹੇ ਹਨ। ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੀ ਕਿਸੇ ਰਾਜ ਸਭਾ ਸੀਟ ਤੋਂ ਰਾਜ ਸਭਾ ਵਿੱਚ ਨਹੀਂ ਜਾਣਗੇ, ਉਹਨਾਂ ਕਿਹਾ ਕਿ ਇਸ ਲਈ ਕਿਸੇ ਹੋਰ ਆਗੂ ਦੀ ਚੋਣ ਕੀਤੀ ਜਾਵੇਗੀ ਪ੍ਰੰਤੂ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੇਬਾਕੀ ਨਾਲ ਇਹ ਆਖ ਦਿੱਤਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜਸਭਾ ਵਿੱਚ ਚਲੇ ਵੀ ਜਾਣਗੇ ਤਾਂ ਇਸ ਵਿੱਚ ਮਾੜਾ ਵੀ ਕੀ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਇਹ ਪਾਰਟੀ ਨੇ ਦੇਖਣਾ ਹੈ ਕਿ ਕਿਸ ਨੂੰ ਕਿਹਦੀ ਸੀਟ ਤੋਂ ਕਿੱਥੇ ਭੇਜਣਾ ਹੈ। ਸੰਧਵਾਂ ਵੱਲੋਂ ਦਿੱਤਾ ਬਿਆਨ ਇਹ ਵੱਡਾ ਸੰਕੇਤ ਵੀ ਦਿੰਦਾ ਹੈ ਕਿ ਆਪ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਸੰਜੀਵ ਅਰੋੜਾ ਦੀ ਚੋਣ ਐਵੇਂ ਹੀ ਨਹੀਂ ਕੀਤੀ ਸਗੋਂ ਇਸ ਦੇ ਪਿੱਛੇ ਪਾਰਟੀ ਦਾ ਕੋਈ ਵੱਡਾ ਏਜੰਡਾ ਕੰਮ ਕਰ ਰਿਹਾ ਹੈ। ਬਿਨਾਂ ਸ਼ੱਕ ਇਹ ਸੱਤਾਧਾਰੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਕਿ ਜੇਕਰ ਸੰਜੀਵ ਅਰੋੜਾ ਵਿਧਾਨ ਸਭਾ ਦੀ ਚੋਣ ਜਿੱਤਦੇ ਹਨ ਤਾਂ ਉਹਨਾਂ ਦੀ ਰਾਜ ਸਭਾ ਦੀ ਖਾਲੀ ਹੋ ਰਹੀ ਸੀਟ ‘ਤੇ ਕਿਸ ਨੂੰ ਰਾਜਸਭਾ ਭੇਜਿਆ ਜਾਵੇਗਾ ਪ੍ਰੰਤੂ ਜੇਕਰ ਆਪ ਵੱਲੋਂ ਸ੍ਰੀ ਕੇਜਰੀਵਾਲ ਜਾਂ ਸਿਸੋਦੀਆ ਨੂੰ ਸੰਜੀਵ ਅਰੋੜਾ ਦੀ ਰਾਜ ਸਭਾ ਸੀਟ ਦਿੱਤੀ ਜਾਂਦੀ ਹੈ ਤਾਂ “ਪੰਜਾਬ ਨੂੰ ਆਪ ਦੀ ਦਿੱਲੀ ਹਾਈ ਕਮਾਂਡ ਚਲਾ ਰਹੀ ਹੈ ਜਾਂ ਸ਼ੈਡੋ ਮੁੱਖ ਮੰਤਰੀ ਵਰਗੇ ਵਿਰੋਧੀ ਧਿਰ ਦੇ ਦੋਸ਼ ਵੱਡੇ ਸਵਾਲ ਬਣ ਜਾਣਗੇ। ਬਹਰਹਾਲ ! ਜਿਹੋ ਜਿਹੇ ਹਾਲਾਤ ਬਣ ਰਹੇ ਹਨ ਉਹਨਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦਾ ਚੋਣ ਨਤੀਜਾ ਜੇਕਰ ‘ਆਪ’ ਦੇ ਪੱਖ ਵਿੱਚ ਜਾਂਦਾ ਹੈ ਤਾਂ ਇਥੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਰਾਜਨੀਤੀ ਨਵੇਂ ਸਿਰੇ ਤੋਂ ਸ਼ੁਰੂ ਹੋਵੇਗੀ।