Gee 98News

ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਖ਼ਿਲਾਫ਼ ਰੋਸ ਦਾ ਸੇਕ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਘਰਾਂ ਤੱਕ ਪੁੱਜਿਆ

-ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਸਬੰਧੀ ਰੋਸ ਦਾ ਸੇਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੱਕ ਪੁੱਜ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਅੰਤ੍ਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਦੀ ਰਿਹਾਇਸ਼ ਅੱਗੇ ‌ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਜ਼ਬਰਦਸਤੀ ਬਦਲਣ ਦੇ ਰੋਸ ਵਜੋਂ ਧਰਨਾ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਅਜੋਕੇ ਦੌਰ ‘ਚ ਸਿੱਖ ਪੰਥ, ਸਿੱਖ ਕੌਮ ਬਹੁਤ ਹੀ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਦੇ ਦਬਾਅ ਥੱਲੇ ਆ ਕੇ ਜਿਹੜੇ ਫੈਸਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਮੰਦਭਾਗੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਪਰਮਜੀਤ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਦੀ ਉਸ ਅੰਤ੍ਰਿੰਗ ਕਮੇਟੀ ਦਾ ਹਿੱਸਾ ਹਨ ਜਿਸਨੇ ਸ੍ਰੀ ਅਕਾਲ ਤਖ਼ਤ ਸਾਹਿਬ,ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਅਹੁਦਿਆਂ ਤੋਂ ਹਟਾ ਦਿੱਤਾ। ਉਹਨਾਂ ਕਿਹਾ ਕਿ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੈ ਅਤੇ ਉਹ ਇੱਕ ਮਤਾ ਸ਼੍ਰੋਮਣੀ ਕਮੇਟੀ ਦੇ ਸਾਰੇ ਅੰਤਰਿੰਗ ਕਮੇਟੀ ਮੈਂਬਰਾਂ ਨੂੰ ਦੇ ਰਹੇ ਹਨ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਬਜਟ ਇਜਲਾਸ ਵਿੱਚ ਤਖਤਾਂ ਤੇ ਜਥੇਦਾਰਾਂ ਸਬੰਧੀ ਫੈਸਲੇ ਨੂੰ ਬਦਲਿਆ ਜਾਵੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰਾ ਨੇ ਕਿਹਾ ਕਿ ਜਿਹੜੇ ਅੰਤ੍ਰਿੰਗ ਕਮੇਟੀ ਮੈਂਬਰ ਸਾਡੇ ਨਾਲ ਸਹਿਮਤ ਹੋ ਜਾਣਗੇ ਤਾਂ ਠੀਕ ਹੈ ਪ੍ਰੰਤੂ ਜਿਹੜੇ ਅੰਤ੍ਰਿੰਗ ਕਮੇਟੀ ਮੈਂਬਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਾਡੇ ਮੰਗ ਪੱਤਰ ‘ਤੇ ਵਿਚਾਰ ਨਹੀਂ ਕਰਨਗੇ ਉਹਨਾਂ ਦੇ ਖ਼ਿਲਾਫ਼ ਹੋਰ ਵੀ ਸਖ਼ਤ ਐਕਸ਼ਨ ਲਿਆ ਜਾਵੇਗਾ। ਤੇਜਾ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਪਰਮਜੀਤ ਸਿੰਘ ਖਾਲਸਾ ਨਾਲ ਫੋਨ ‘ਤੇ ਗੱਲਬਾਤ ਹੋਈ ਹੈ ਉਹਨਾਂ ਨੇ ਸਾਡੀਆਂ ਮੰਗਾਂ ਸਬੰਧੀ ਫੋਨ ‘ਤੇ ਸਹਿਮਤੀ ਦਿੱਤੀ ਹੈ ਪ੍ਰੰਤੂ ਅਸੀਂ ਇਸ ਸਹਿਮਤੀ ਨੂੰ ਨਹੀਂ ਮੰਨਦੇ, ਇਸ ਕਰਕੇ ਆਉਣ ਵਾਲੇ ਦਿਨਾਂ ‘ਚ ਉਹਨਾਂ ਨਾਲ ਮੁਲਾਕਾਤ ਕਰਕੇ ਲਿਖਤੀ ਤੌਰ ‘ਤੇ ਲੈਣ ਦਾ ਯਤਨ ਕਰਾਂਗੇ ਕਿ ਉਹ ਬਜਟ ਇਜਲਾਸ ਵਿੱਚ ਤਖਤਾਂ ਤੇ ਜਥੇਦਾਰਾਂ ਨੂੰ ਜ਼ਬਰਦਸਤੀ ਹਟਾਉਣ ਸਬੰਧੀ ਮਤੇ ਦੀ ਮਦਦ ਕਰਨਗੇ। ਇਸ ਮੌਕੇ ਅਕਾਲੀ ਦਲ ਸੁਧਾਰ ਲਹਿਰ ਗਰੁੱਪ ਦੇ ਪ੍ਰਭਾਵਸ਼ਾਲੀ ਗਿਣਤੀ ਵਿੱਚ ਸੀਨੀਅਰ ਆਗੂ ਹਾਜ਼ਰ ਸਨ।

Gee98 Ads
error: Content is protected !!