ਬੋਲ ਪੰਡੋਰੀ ਦੇ…ਕਿਵੇਂ ਲੱਗੀ…ਭਾਅਜੀ ਦੀ ਨਿੱਘੀ ਬੁੱਕਲ ‘ਚ ਹਕੂਮਤ..?
- ਲੋਕੀ ਆਖਦੇ ਨੇ ਕਿ ‘ਭਾਅਜੀ’ ਨਿੱਘੀ ਬੁੱਕਲ ਦੇ ਮਾਲਕ ਨੇ…ਉਨਾਂ ਨੂੰ ਮਿਲਣ ਵਾਲਾ ਭਾਵੇਂ ਕੋਈ ਵੀ ਹੋਵੇ, ਜਿਸ ਨੂੰ ਉਹ ਮਿਲਣ ਦਾ ਸਮਾਂ ਦਿੰਦੇ ਨੇ ਤਾਂ ਦਿਲੋਂ ਮਿਲਦੇ ਨੇ…ਕਈ ਵਾਰੀ ਉਹ ਮਿਲਣ ਵਾਲੇ ਨੂੰ ‘ਜੱਫੀ’ ਪਾ ਕੇ ਵੀ ਮਿਲਦੇ ਨੇ…ਬਿਨਾਂ ਸ਼ੱਕ ਪੱਤਰਕਾਰਤਾ ਦੇ ਖੇਤਰ ਵਿੱਚ ਕੰਮ ਕਰਦੇ ਹੋਏ ‘ਭਾਅ ਜੀ’ ਨੇ ਉੱਚਾ ਮੁਕਾਮ ਹਾਸਿਲ ਕੀਤਾ…ਉਨਾਂ ਦੇ ਅਦਾਰੇ ‘ਤੇ ਬੜੇ ਮਾੜੇ ਸਮੇਂ ਆਏ… ਐਮਰਜੈਂਸੀ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਸਾਰੇ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਇੱਕ ਵੱਖਰਾ ਰੁਤਬਾ ਬਣਾਇਆ…ਫਿਰ ਅਚਾਨਕ ‘ਭਾਅ ਜੀ’ ਦਾ ਅਦਾਰਾ ਫੇਰ ਹਕੂਮਤ ਦੀਆਂ ਅੱਖਾਂ ਵਿੱਚ ਰੜਕਿਆ..ਕਾਰਨਾਂ ਦਾ ਮੈਂ ਜ਼ਿਕਰ ਨਹੀਂ ਕਰਾਂਗਾ, ਤੁਸੀਂ ਸਭ ਜਾਣਦੇ ਹੋ…ਹਕੂਮਤ ਨੇ ਅੱਖਾਂ ਵੀ ਕੱਢੀਆਂ..ਅੱਡੀ ਚੋਟੀ ਦੇ ਜ਼ੋਰ ਤੋਂ ਵੀ ਉਪਰਲਾ ਜ਼ੋਰ ਲਗਾਇਆ…ਕਹਿਣ ਵਾਲੇ ਕਹਿੰਦੇ ਰਹੇ ਕਿ ਹੁਣ ਸਭ ਕੁਝ ਖਤਮ ਹੋ ਜਾਵੇਗਾ…ਕਹਿੰਦੇ ਨੇ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਨੇ ਪ੍ਰੰਤੂ ਭਾਅਜੀ ਦੇ ਮਾਮਲੇ ‘ਚ ਕਾਨੂੰਨ ਤੋਂ ਹੱਥ ਬਾਹਰ ਹੀ ਨਹੀਂ ਨਿਕਲੇ…ਕਾਨੂੰਨ ਆਪਣੇ ਹੱਥ ਬੁੱਕਲ ‘ਚ ਲੈ ਕੇ ਬੜਕਾਂ ਮਾਰਦਾ ਰਿਹਾ…ਕਾਨੂੰਨ ਦੇ ਲੰਮੇ ਹੱਥ ਵੀ ਉਥੇ ਹੀ ਕੰਮ ਕਰਦੇ ਨੇ ਜਿੱਥੇ ਸਾਹਮਣੇ ਵਾਲੇ ਨੇ ਬੁੱਕਲ ਮਾਰੀ ਹੋਵੇ… ਜੇ ਸਾਹਮਣੇ ਵਾਲਾ ਵੀ ਹੱਥ ਖੋਲ੍ਹ ਕੇ ਖੜਾ ਹੋਵੇ ਫੇਰ ਕਈ ਵਾਰ ਕਾਨੂੰਨ ਦੇ ਹੱਥ ਵੀ ਛੋਟੇ ਪੈ ਜਾਂਦੇ ਨੇ…ਲੱਗਦਾ ਵੀ ਨਹੀਂ ਸੀ ਕਿ ‘ਭਾਅਜੀ’ ਦੇ ਮਾਮਲੇ ‘ਚ ਹਕੂਮਤ ਦਾ ਰੁਖ ਬਦਲੇਗਾ…ਪਰ ਇਹ ਤਾਂ ਸੱਚਮੁੱਚ ਕਾਮੇਡੀ ਹੀ ਹੋਗੀ… ਕਾਮੇਡੀ ਦਾ ਸੁਪਰ ਪ੍ਰਸਿੱਧ ਕਲਾਕਾਰ ਹੋਵੇ ਤੇ ਕਾਮੇਡੀ ਨਾ ਹੋਵੇ ਇਹ ਤਾਂ ਨਹੀਂ ਹੋ ਸਕਦਾ…ਵੱਡੀਆਂ ਤਰੇੜਾਂ ਪੈਣ ਤੋਂ ਬਾਅਦ ਰਾਜ ਗਾਇਕ ਦੀ ਘਰ ਸੋਗਮਈ ਸਮਾਗਮ ‘ਚ ਹਕੂਮਤ ਭਾਅਜੀ ਦੇ ਪਹਿਲੀ ਵਾਰ ਆਹਮੋ ਸਾਹਮਣੇ ਹੋਈ…ਇਹ ਕੀ ਹੋਇਆ…ਗੋਡੀ ਹੱਥ…ਕਈਆਂ ਨੇ ਵਾਇਰਲ ਹੋ ਰਿਹਾ ਵੀਡੀਓ ਕਲਿੱਪ ਵਾਰ-ਵਾਰ ਦੇਖਿਆ….ਜੋ ਦਿਸ ਰਿਹਾ ਉਹ ਠੀਕ ਹੀ ਹੈ..ਇਹ ਕੋਈ AI ਨਾਲ ਤਿਆਰ ਕੀਤਾ ਵੀਡੀਓ ਕਲਿੱਪ ਨਹੀਂ ਸੀ…ਤੁਸੀਂ ਜੋ ਦੇਖਿਆ ਠੀਕ ਹੀ ਦੇਖਿਆ..ਸੱਚਮੁੱਚ ਭਾਅਜੀ ਬੜੀ ਨਿੱਘੀ ਬੁੱਕਲ ਦੇ ਮਾਲਕ ਨੇ ਅਤੇ ਤੁਸੀਂ ਇਹ ਵੀ ਹੂਬਹੂ ਦੇਖਿਆ ਕਿ ਕਈ ਵਾਰ ਕਾਨੂੰਨ ਦੇ ਹੱਥ ਵੀ ਛੋਟੇ ਪੈ ਜਾਂਦੇ ਨੇ… ਉੰਝ ਭਾਵੇਂ ਕੋਈ ਆਮ ਬੰਦਾ ਜਿੰਨੀਆਂ ਮਰਜ਼ੀ ਬੜਕਾਂ ਮਾਰੀ ਜਾਵੇ ਕਿਸੇ ਦਾ ਕੀ ਢਿੱਡ ਦੁੱਖਦਾ…ਕੋਈ ਕੁਝ ਨਹੀਂ ਕਹਿੰਦਾ ਪਰ ਜੇਕਰ ਕੋਈ ਕਾਨੂੰਨੀ ਅਤੇ ਸਭ ਤੋਂ ਉੱਚੇ ਸੰਵਿਧਾਨਕ ਮੁਹਾਜ਼ ‘ਤੇ ਹੋਵੇ ਤਾਂ ਫੇਰ ਬੜਕਾਂ ਨਹੀਂ ਮਾਰਨੀਆਂ ਚਾਹੀਦੀਆਂ ਇਹ ਯਾਦ ਰੱਖਣਾ ਚਾਹੀਦਾ ਕਿ ਕਾਨੂੰਨੀ ਬੜਕਾਂ ਦਾ ਮੁਕਾਬਲਾ ਅਗਲਾ ਵੀ ਕਾਨੂੰਨ ਨਾਲ ਹੀ ਕਰੇਗਾ…ਕਹਿੰਦੇ ਨੇ ਕਿ ਨਸ਼ਾ ਤਾਂ ਭਾਵੇਂ ਕੋਈ ਵੀ ਲੋੜ ਤੋਂ ਵੱਧ ਕਰ ਲਵੋ ਬੰਦੇ ਦੀ ਮੱਤ ਮਾਰ ਦਿੰਦਾ ਫੇਰ ਹਕੂਮਤੀ ਨਸ਼ੇ ਦੀ ਤਾਂ ਗੱਲ ਹੀ ਛੱਡੋ, ਹਕੂਮਤੀ ਨਸ਼ੇ ਦਾ ਅਸਰ ਤਾਂ ਕੋਈ ਖੱਟੀ ਚੀਜ਼ ਵੀ ਘੱਟ ਨਹੀਂ ਕਰਦੀ…ਹਕੂਮਤੀ ਨਸ਼ੇ ਨੂੰ ਤਾਂ ਵਕਤ ਦਾ ਆਚਾਰ ਹੀ ਉਤਾਰ ਸਕਦਾ ਹੈ ਜਿਵੇਂ ਅਸੀਂ-ਤੁਸੀਂ ਸਾਰਿਆਂ ਨੇ ਰਾਜ ਗਾਇਕ ਦੇ ਘਰ ਉਤਰਦਾ ਵੇਖਿਆ… ਤੁਸੀਂ ਇਮਾਨਦਾਰੀ ਨਾਲ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ‘ਭਾਅਜੀ’ ਦੀ ਨਿੱਘੀ ਬੁੱਕਲ ‘ਚ ਹਕੂਮਤ ਦੀ ਤਸਵੀਰ ਕਿਹੋ ਜਿਹੀ ਲੱਗੀ…!
– ਨਿਰਮਲ ਸਿੰਘ ਪੰਡੋਰੀ, ਪੱਤਰਕਾਰ
94170-33033