Skip to main content

Gee 98News

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ…40 ਸਾਲਾਂ ਬਾਅਦ ਧੀਆਂ ਨੂੰ ਮਿਲਿਆ ਪਿਤਾ ਦੀ ਜਾਇਦਾਦ ਦਾ ਅਧਿਕਾਰ

-ਦੇਸ਼ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਨੇ 40 ਸਾਲਾਂ ਤੋਂ ਬਾਅਦ ਧੀਆਂ ਨੂੰ ਉਹਨਾਂ ਦੇ ਪਿਤਾ ਦੀ ਜਾਇਦਾਦ ਦਾ ਮਾਲਕ ਬਣਾਇਆ। ਇਹਨਾਂ ਧੀਆਂ ਦੇ ਪਿਤਾ ਵੱਲੋਂ ਗੋਦ ਲਏ ਇੱਕ ਪੁੱਤਰ ਵੱਲੋਂ ਸੁਪਰੀਮ ਕੋਰਟ ਵਿੱਚ ਜਾਇਦਾਦ ‘ਤੇ ਦਾਅਵਾ ਕਰਦੀ ਪਟੀਸ਼ਨ ਦਾਇਰ ਕੀਤੀ ਗਈ ਸੀ, ਇਸ ਤੋਂ ਪਹਿਲਾਂ ਗੋਦ ਲਏ ਪੁੱਤਰ ਦੀ ਇਹ ਪਟੀਸ਼ਨ ਇਲਾਹਾਬਾਦ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਕਿਹਾ ਕਿ “ਇਹ ਧੀਆਂ ਨੂੰ ਉਹਨਾਂ ਦੇ ਪਿਤਾ ਦੀ ਜਾਇਦਾਦ ਹਾਸਿਲ ਕਰਨ ਦੇ ਅਧਿਕਾਰ ਤੋਂ ਵਾਂਝਾ ਕਰਨ ਦੀ ਇੱਕ ਸੋਚੀ ਸਮਝੀ ਚਾਲ ਹੈ। ‌ ਅਦਾਲਤ ਨੇ 1983 ‘ਚ ਦਾਖਲ ਕੀਤੇ ਗੋਦ ਲਏ ਪੁੱਤਰ ਸਬੰਧੀ ਦਸਤਾਵੇਜ਼ ਦੀ ਜਾਇਜ਼ਤਾ ‘ਤੇ ਫੈਸਲਾ ਕਰਨ ‘ਚ ਚਾਰ ਦਹਾਕਿਆਂ ਤੋਂ ਵੱਧ ਦੀ ਦੇਰੀ ‘ਤੇ ਵੀ ਅਫ਼ਸੋਸ ਪ੍ਰਗਟ ਕੀਤਾ। ਅਦਾਲਤ ਨੇ ਕਿਹਾ ਕਿ ਗੋਦ ਲਏ ਦਸਤਾਵੇਜ਼ ਵਿੱਚ ਇਹ ਸਪੱਸ਼ਟ ਨਹੀਂ ਹੁੰਦਾ ਕਿ ਬੱਚੇ ਨੂੰ ਗੋਦ ਲੈਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਦੀ ਸਹਿਮਤੀ ਲਈ ਸੀ ਜਾਂ ਨਹੀਂ ਜੋ ਕਿ ਇੱਕ ਲਾਜ਼ਮੀ ਸ਼ਰਤ ਹੈ। ‌ ਮਾਮਲੇ ਦੇ ਵੇਰਵੇ ਅਨੁਸਾਰ ਸ਼ਿਵਕੁਮਾਰੀ ਦੇਵੀ ਅਤੇ ਹਰਮੁਨੀਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਭੁਨੇਸ਼ਵਰ ਸਿੰਘ ਦੀਆਂ ਧੀਆਂ ਹਨ। ‌ ਦੂਜੇ ਪਾਸੇ ਪਟੀਸ਼ਨਰ ਅਸ਼ੋਕ ਕੁਮਾਰ ਨੇ ਦਾਅਵਾ ਕੀਤਾ ਕਿ ਭਨੇਸ਼ਵਰ ਸਿੰਘ ਨੇ ਉਸ ਨੂੰ ਉਹਨਾਂ ਦੇ ਪਿਤਾ ਤੋਂ ਇੱਕ ਸਮਾਗਮ ਵਿੱਚ ਗੋਦ ਲਿਆ ਸੀ। ‌ ਅਸ਼ੋਕ ਕੁਮਾਰ ਨੇ ਗੋਦ ਲੈਣ ਸਬੰਧੀ ਸਮਾਗਮ ਦੀ ਇੱਕ ਤਸਵੀਰ ਵੀ ਅਦਾਲਤ ਸਾਹਮਣੇ ਪੇਸ਼ ਕੀਤੀ, ਇਸੇ ਆਧਾਰ ‘ਤੇ ਅਸ਼ੋਕ ਕੁਮਾਰ ਨੇ ਭੁਨੇਸ਼ਵਰ ਸਿੰਘ ਦੀ ਵਿਰਾਸਤ ‘ਤੇ ਆਪਣਾ ਅਧਿਕਾਰ ਜਤਾਇਆ।ਮਾਮਲੇ ਦੀ ਸੁਣਵਾਈ ਦੌਰਾਨ ਮਾਨਯੋਗ ਜਸਟਿਸ ਸੂਰੀਆਕਾਂਤ ਤੇ ਐਨ ਕੋਟਿਸਵਰ ਸਿੰਘ ਦੇ ਬੈਂਚ ਨੇ ਅਸ਼ੋਕ ਕੁਮਾਰ ਦੀ ਪਟੀਸ਼ਨ ਨੂੰ ਰੱਦ ਕਰਨ ਵਾਲੇ ਇਲਾਹਾਬਾਦ ਹਾਈਕੋਰਟ ਦੇ 11 ਦਸੰਬਰ 2024 ਦੇ ਹੁਕਮਾਂ ਨੂੰ ਬਰਕਰਾਰ ਰੱਖਦੇ ਹੋਏ ਅਸ਼ੋਕ ਕੁਮਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਤੋਂ ਪਹਿਲਾਂ ਹਾਈਕੋਰਟ ਨੇ 9 ਅਗਸਤ 1967 ਦੇ ਗੋਦ ਲਏ ਪੁੱਤਰ ਸਬੰਧੀ ਦਸਤਾਵੇਜ਼ ਦੀ ਜਾਇਜ਼ਤਾ ਨੂੰ ਮੰਨਣ ਤੋਂ ਨਾਂਹ ਕਰਦਿਆਂ ਕਿਹਾ ਸੀ ਕਿ ਲਾਜ਼ਮੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਵੀ ਆਪਣੇ ਹੁਕਮ ‘ਚ ਕਿਹਾ ਕਿ ਹਾਈਕੋਰਟ ਨੇ ਗੋਦ ਲੈਣ ਵਾਲੇ ਦਸਤਾਵੇਜ਼ ਨੂੰ ਖਾਰਜ ਕਰਕੇ ਸਹੀ ਕੀਤਾ ਹੈ ਜਿਸ ਦੀ ਕੋਈ ਕਨੂੰਨੀ ਜਾਇਜ਼ਤਾ ਨਹੀਂ ਹੈ। ਇਸ ਤਰ੍ਹਾਂ ਸੁਪਰੀਮ ਕੋਰਟ ਨੇ ਧੀਆਂ ਨੂੰ ਉਹਨਾਂ ਦੇ ਪਿਤਾ ਦੀ ਜਾਇਦਾਦ ਦਾ ਮਾਲਕ ਬਣਾਇਆ, ਜਿਨ੍ਹਾਂ ਨੇ 40 ਸਾਲ ਤੋਂ ਵੱਧ ਲੰਮੀ ਕਾਨੂੰਨੀ ਲੜਾਈ ਲੜੀ। ‌

Gee98 Ads
error: Content is protected !!