Gee 98News

ਮਹਿਲ ਕਲਾਂ ਦੇ ਵਿਧਾਇਕ ਦੀ ਤਸਵੀਰ ‘ਤੇ ਕਾਲਾ ਰੰਗ ਲਗਾਉਣ ਦੀ ਘਟਨਾ ਨੇ ਛੇੜੀ ਨਵੀਂ ਚਰਚਾ…!

-ਬਰਨਾਲਾ ਮੁੱਲਾਂਪੁਰ ਮੁੱਖ ਮਾਰਗ ‘ਤੇ ਮਹਿਲ ਕਲਾਂ ਤੋਂ ਰਾਏਕੋਟ ਵਾਲੇ ਪਾਸੇ ਪਿੰਡ ਗੰਗੋਹਰ ਦੇ ਬੱਸ ਅੱਡੇ ‘ਤੇ ਬਣਾਏ ਗਏ “ਬੱਸ ਵੇਟਿੰਗ ਪੁਆਇੰਟ” ‘ਤੇ ਲੱਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦੇ ਹੋਰਡਿੰਗ ‘ਤੇ ਹਲਕਾ ਵਿਧਾਇਕ ਵੀ ਤਸਵੀਰ ਉੱਪਰ ਕਿਸੇ ਨੇ ਕਾਲਾ ਰੰਗ ਲਗਾ ਕੇ ਸੱਤਾ ਦੇ ਵਿਰੋਧ ਦਾ ਲੁਕਵਾਂ ਢੰਗ ਅਪਣਾਇਆ ਹੈ। ਦੱਸ ਦੇਈਏ ਕਿ ਪਿੰਡ ਗੰਗੋਹਰ ਦੇ ਬੱਸ ਅੱਡੇ ‘ਤੇ ਸਵਾਰੀਆਂ ਦੇ ਬੈਠਣ ਲਈ ਵੇਟਿੰਗ ਏਰੀਆ ਤਿਆਰ ਕੀਤਾ ਗਿਆ ਹੈ ਜਿਸ ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਤਸਵੀਰ ਵੀ ਲੱਗੀ ਹੋਈ ਹੈ, ਜਿਸ ‘ਤੇ ਕਿਸੇ ਸ਼ਰਾਰਤੀ ਅਨਸਰ ਨੇ ਕਾਲਾ ਰੰਗ ਲਗਾ ਦਿੱਤਾ ਹੈ। ਸਕਾਰਾਤਮਕ ਰਾਜਨੀਤੀ ਕਰਨ ਵਾਲਿਆਂ ਵੱਲੋਂ ਭਾਵੇਂ ਵਿਰੋਧ ਦੇ ਇਸ ਤਰੀਕੇ ਨੂੰ ਚੰਗਾ ਨਹੀਂ ਕਿਹਾ ਜਾ ਰਿਹਾ ਪ੍ਰੰਤੂ ਇਹ ਹਲਕਾ ਵਿਧਾਇਕ ਲਈ ਸਭ ਅੱਛਾ ਨਹੀਂ ਦੇ ਸੰਕੇਤ ਵੀ ਹਨ। ਉੰਝ ਭਾਵੇਂ ਸਿੱਖਿਆ ਕ੍ਰਾਂਤੀ ਦੇ ਸਮਾਗਮਾਂ ਦੌਰਾਨ ਵੀ ਹਲਕੇ ‘ਚ ਹਲਕਾ ਵਿਧਾਇਕ ਦੇ ਵਿਰੋਧ ਦੀਆਂ ਕਿਧਰੇ ਖ਼ਬਰਾਂ ਨਹੀਂ ਹਨ ਪ੍ਰੰਤੂ ਜਦੋਂ ਸੱਤਾਧਾਰੀ ਨੇਤਾਵਾਂ ਦੀਆਂ ਤਸਵੀਰਾਂ ‘ਤੇ ਕਾਲਾ ਰੰਗ ਮਲਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗਣ ਤਾਂ ਇਸ ਨੂੰ ਲੋਕਾਂ ਦੇ ਮਨਾਂ ‘ਚ ਰੋਸ ਦੀ ਸੁਲਗ ਰਹੀ ਅਜਿਹੀ ਚਿੰਗਾਰੀ ਮੰਨਿਆ ਜਾਂਦਾ ਹੈ ਜੋ ਭਵਿੱਖ ‘ਚ ਭਾਂਬੜ ਬਣਨ ਦੀ ਸਮਰੱਥਾ ਰੱਖਦੀ ਹੈ। ਹਲਕਾ ਮਹਿਲ ਕਲਾਂ ਦੇ ਵਿਧਾਇਕ ਨੂੰ ਭਾਵੇਂ ਨਰਮ ਸੁਭਾਅ ਦਾ ਮੰਨਿਆ ਜਾਂਦਾ ਪਰੰਤੂ ਪਿਛਲੀਆਂ ਪੰਚਾਇਤ ਚੋਣਾਂ ਦੌਰਾਨ ਪਿੰਡਾਂ ਦੇ ਸਰਪੰਚਾਂ ਦੀ ਰਿਜ਼ਰਵੇਸ਼ਨ ਰੋਟੇਸ਼ਨ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਅਤੇ ਸਰਪੰਚੀ ਚੋਣਾਂ ਦੌਰਾਨ ਸੱਤਾਧਾਰੀਆਂ ਦੀ ਯੋਜਨਾਬੱਧ ਧੱਕੇਸ਼ਾਹੀ ਨੇ ਹਲਕੇ ‘ਚ ਕਈ ਪਿੰਡਾਂ ਦੇ ਪੰਚਾਇਤੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਸੀ ਜਿਸ ਨੇ ਹਲਕਾ ਵਿਧਾਇਕ ਦੀ ਨਿਮਰਤਾ ‘ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਤੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਭਾਵੇਂ ਵਿਰੋਧ ਦਾ ਇਹ ਤਰੀਕਾ ਠੀਕ ਨਹੀਂ ਹੈ ਪ੍ਰੰਤੂ ਇਸਦੀ ਸ਼ੁਰੂਆਤ ਵੀ ਅਕਾਲੀ ਭਾਜਪਾ ਸਰਕਾਰ ਮੌਕੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਵਲੰਟੀਅਰਾਂ ਨੇ ਹੀ ਕੀਤੀ ਸੀ। ਉਕਤ ਆਗੂਆਂ ਨੇ ਕਿਹਾ ਕਿ ਅਜੋਕੇ ਦੌਰ ਦੀ ਰਾਜਨੀਤੀ ਵਿੱਚ ਈਰਖਾ ਦੀ ਐਂਟਰੀ ਮੌਜੂਦਾ ਸੱਤਾਧਾਰੀ ਪਾਰਟੀ ਦੀ ਹੀ ਦੇਣ ਹੈ ਜਿਸਦਾ ਦਾ ਸ਼ਿਕਾਰ ਇਸ ਦੇ ਆਪਣੇ ਆਗੂਆਂ ਨੂੰ ਹੋਣਾ ਪੈ ਰਿਹਾ ਹੈ।

error: Content is protected !!