ਚੰਡੀਗੜ੍ਹ,26, ਮਈ, Gee98 News service
-ਪੰਜਾਬ ਪੁਲਿਸ ਵਿੱਚ ਕੁਝ ਸਮਾਂ ਪਹਿਲਾਂ ਭਰਤੀ ਹੋਏ ਨਵੇਂ ਸਿਪਾਹੀਆਂ ਸਬੰਧੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਚਿੰਤਾਜਨਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਜਹਾਨ ਖੇਲਾਂ ਵਿੱਚ ਪੰਜਾਬ ਪੁਲਿਸ ਦੇ ਟ੍ਰੇਨਿੰਗ ਸੈਂਟਰ ਵਿੱਚ ਬੇਸਿਕ ਟ੍ਰੇਨਿੰਗ ਕਰਨ ਗਏ ਪੰਜਾਬ ਪੁਲਿਸ ਵਿੱਚ ਨਵੇਂ ਭਰਤੀ 6 ਸਿਪਾਹੀਆਂ ਦੇ ਡੋਪ ਟੈਸਟ ਪਾਜੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਇਹਨਾਂ ਸਿਪਾਹੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਪੰਜਾਬ ਦੇ ਪਟਿਆਲਾ, ਤਰਨਤਾਰਨ ਤੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਇਹ 6 ਸਿਪਾਹੀ ਆਪਣੀ ਬੇਸਿਕ ਟ੍ਰੇਨਿੰਗ ਲਈ ਜਹਾਨ ਖੇਲਾਂ ਸੈਂਟਰ ਆਏ ਸਨ, ਜਿੱਥੇ ਇਹਨਾਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਵੇਖਦੇ ਹੋਏ ਹੁਸ਼ਿਆਰਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਹਨਾਂ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿੱਚ ਇਹਨਾਂ ਸਿਪਾਹੀਆਂ ਦੇ ਡੋਪ ਟੈਸਟ ਪਾਜੀਟਿਵ ਆਏ ਹਨ ਜਿਸ ਤੋਂ ਬਾਅਦ ਇਹਨਾਂ ਸਿਪਾਹੀਆਂ ਨੂੰ ਟ੍ਰੇਨਿੰਗ ਸੈਂਟਰ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਜਿਹੜੇ ਸਿਪਾਹੀਆਂ ਦੇ ਡੋਪ ਟੈਸਟ ਪਾਜੀਟਿਵ ਆਏ ਹਨ ਉਹਨਾਂ ਵਿੱਚ ਰਿਕਰੂਟ ਸਿਪਾਹੀ ਅਰਸ਼ਦੀਪ ਸਿੰਘ 3222/ਪਟਿਆਲਾ, ਰਿਕਰੂਟ ਸਿਪਾਹੀ ਮਨੀਸ਼ 345/ਪਟਿਆਲਾ, ਰਿਕਰੂਟ ਸਿਪਾਹੀ ਸੁਮਿਤ ਮਲਹੋਤਰਾ 689/ਪਟਿਆਲਾ, ਰਿਕਰੂਟ ਸਿਪਾਹੀ ਤੇਜਵਿਕਰਮਜੀਤ ਸਿੰਘ 445/ਤਰਨਤਰਨ, ਰਿਕਰੂਟ ਸਿਪਾਹੀ ਆਦੇਸ਼ ਪ੍ਰਤਾਪ ਸਿੰਘ 200/ ਤਰਨਤਰਨ ਤੇ ਰਿਕਰੂਟ ਸਿਪਾਹੀ ਅਮਰਜੀਤ ਸਿੰਘ 489 ਲੁਧਿਆਣਾ ਸਿਟੀ ਸ਼ਾਮਿਲ ਹਨ। ਇਸ ਸਬੰਧੀ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਹੁਸ਼ਿਆਰਪੁਰ ਦੇ ਡੀਐਸਪੀ ਕੁਲਦੀਪ ਸਿੰਘ ਵੱਲੋਂ ਇੱਕ ਪੱਤਰ ਲੁਧਿਆਣਾ, ਤਰਨਤਰਨ ਅਤੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਲਿਖਿਆ ਗਿਆ ਹੈ। ਪੱਤਰ ਵਿੱਚ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਇਹਨਾਂ ਰਿਕਰੂਟ ਸਿਪਾਹੀਆਂ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਇਹਨਾਂ ਦੇ ਨਸ਼ੇ ਕਰਨ ਦਾ ਪ੍ਰਭਾਵ ਹੋਰ ਕਰਮਚਾਰੀਆਂ ‘ਤੇ ਨਾ ਪਵੇ। ਹੁਣ ਇਨਾਂ ਸਿਪਾਹੀਆਂ ਦੇ ਖ਼ਿਲਾਫ਼ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਰਿਪੋਰਟ ਅਜੇ ਦੇਰੀ ਨਾਲ ਆਵੇਗੀ ਪਰੰਤੂ ਇਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੀ ਜਵਾਨੀ ਫੌਜ ਅਤੇ ਪੁਲਿਸ ਫੋਰਸ ਦੇ ਸਰੀਰਕ ਮਾਪਦੰਡਾਂ ਤੋਂ ਦੂਰ ਹੁੰਦੀ ਜਾ ਰਹੀ ਹੈ।