ਚੰਡੀਗੜ੍ਹ,23 ਜੂਨ, Gee98 News service
-ਈਰਾਨ ਅਤੇ ਇਜ਼ਰਾਇਲ ਦਰਮਿਆਨ ਯੁੱਧ ਦੇ ਚਲਦਿਆਂ ਅਮਰੀਕਾ ਵੱਲੋਂ ਇਰਾਨ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ ਈਰਾਨ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਦੁਨੀਆਂ ਦੇ ਬਹੁਤੇ ਦੇਸ਼ਾਂ ਦੀ ਚਿੰਤਾ ਵਿੱਚ ਵਾਧਾ ਕੀਤਾ ਹੈ। ਅਮਰੀਕੀ ਹਮਲੇ ਤੋਂ ਬਾਅਦ ਈਰਾਨ ਨੇ ਹੋਰਮਜ਼ ਖਾੜੀ ਦਾ ਰਸਤਾ ਬੰਦ ਕਰਨ ਦਾ ਫੈਸਲਾ ਕੀਤਾ ਹੈ, ਇਹ ਉਹ ਰਸਤਾ ਹੈ ਜਿੱਥੋਂ ਦੁਨੀਆਂ ਭਰ ‘ਚ ਤੇਲ ਅਤੇ ਗੈਸ ਦਾ 20 ਫੀਸਦੀ ਵਪਾਰ ਹੁੰਦਾ ਹੈ। ਈਰਾਨ ਦੇ ਇਸ ਫੈਸਲੇ ਨਾਲ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗਣ ਦੇ ਆਸਾਰ ਪੈਦਾ ਹੋ ਗਏ ਹਨ। ਈਰਾਨ ਦੀ ਸੰਸਦ ਨੇ ਇੰਟਰਨੈਸ਼ਨਲ ਆਇਲ ਕੋਰੀਡੋਰ (ਹੋਰਮੁਜ਼ ਖਾੜੀ) ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਈਰਾਨ ਦੇ ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ‘ਤੇ ਪਏਗਾ। ਇਸ ਕਾਰਨ ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਹੋਰ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਪਰਸ਼ੀਅਨ ਸਾਗਰ ਅਤੇ ਗਲਫ਼ ਆਫ ਓਮਾਨ ਦੇ ਵਿਚਕਾਰ ਹੋਰਮੁਜ਼ ਸਮੁੰਦਰੀ ਰਾਹ ਮਾਲ ਵਾਹਕ ਜਹਾਜ਼ਾਂ ਲਈ ਸਭ ਤੋਂ ਛੋਟਾ ਅਤੇ ਮਹੱਤਵਪੂਰਨ ਰੂਟ ਹੈ। ਦੁਨੀਆਂ ਭਰ ਦਾ ਕਰੀਬ 20% ਤੇਲ ਅਤੇ ਗੈਸ ਇਥੋਂ ਹੀ ਲੰਘਦਾ ਹੈ। ਜੇਕਰ ਇਹ ਰਾਹ ਬੰਦ ਹੋ ਜਾਂਦਾ ਹੈ ਅਤੇ ਕਾਰਗੋ ਜਹਾਜ਼ਾਂ ਨੂੰ ਦੂਜਾ ਰਸਤਾ ਲੈਣਾ ਪੈਂਦਾ ਹੈ, ਤਾਂ ਇਸ ਨਾਲ ਆਯਾਤ-ਨਿਰਯਾਤ ਦੇ ਖਰਚੇ (ਟ੍ਰਾਂਸਪੋਰਟੇਸ਼ਨ ਚਾਰਜ) ‘ਚ ਵਾਧਾ ਹੋਵੇਗਾ ਅਤੇ ਮਾਲ ਮੰਜ਼ਿਲ ‘ਤੇ ਪਹੁੰਚਣ ਵਿੱਚ ਜ਼ਿਆਦਾ ਸਮਾਂ ਵੀ ਲੱਗੇਗਾ। ਈਰਾਨ ਦੀ ਸੰਸਦ ਵੱਲੋਂ ਹੋਰਮੁਜ਼ ਖਾੜੀ ਨੂੰ ਬੰਦ ਕਰਨ ਦੇ ਫੈਸਲੇ ਨਾਲ ਨਾ ਸਿਰਫ਼ ਲੜਾਈ ਦਾ ਘੇਰਾ ਵਧੇਗਾ, ਸਗੋਂ ਇਹ ਹੋਰ ਵੀ ਗੰਭੀਰ ਹੋ ਜਾਵੇਗੀ। ਇਸਦੇ ਨਾਲ-ਨਾਲ, ਯਮਨ ਵਿਚਲੇ ਹੂਤੀ ਬਾਗੀਆਂ ਨੇ ਵੀ ਸਮੁੰਦਰ ਰਾਹੀਂ ਇਜ਼ਰਾਈਲ ਅਤੇ ਅਮਰੀਕਾ ਦੇ ਕਾਰਗੋ ਜਹਾਜ਼ਾਂ ਨੂੰ ਟਾਰਗਟ ਕਰਨ ਦੀ ਚੇਤਾਵਨੀ ਦਿੱਤੀ ਹੈ। ਈਰਾਨ ਦਾ ਇਹ ਫੈਸਲਾ ਦੁਨੀਆਂ ਦੇ ਬਹੁਤੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰੇਗਾ ਪ੍ਰੰਤੂ ਦੂਜੇ ਪਾਸੇ ਭਾਰਤ ਦਾ ਦਾਅਵਾ ਹੈ ਕਿ ਹੋਰਮੁਜ਼ ਕੋਰੀਡੋਰ ਨੂੰ ਬੰਦ ਕਰਨ ਦੇ ਈਰਾਨ ਦੇ ਫੈਸਲੇ ਦਾ ਭਾਰਤ ‘ਤੇ ਵੱਡਾ ਅਸਰ ਨਹੀਂ ਪਵੇਗਾ। ਭਾਰਤ ਨੇ ਇਸ ਸੰਘਰਸ਼ ਤੋਂ ਹੋਣ ਵਾਲੇ ਸੰਭਾਵਿਤ ਪ੍ਰਭਾਵਾਂ ਨੂੰ ਪਹਿਲਾਂ ਹੀ ਸਮਝ ਲਿਆ ਸੀ ਅਤੇ ਇਸ ਤੋਂ ਬਚਾਅ ਲਈ ਇੰਤਜ਼ਾਮ ਵੀ ਕਰ ਲਿਆ ਹੈ। ਭਾਰਤ ਨੇ ਇਕ ਵੱਡਾ ਕਦਮ ਚੁੱਕਦਿਆਂ ਮਿਡਲ ਈਸਟ ਦੇ ਤੇਲ ਸਪਲਾਇਰਾਂ ਦੀ ਥਾਂ ਹੁਣ ਰੂਸ ਅਤੇ ਅਮਰੀਕਾ ਤੋਂ ਜ਼ਿਆਦਾ ਤੇਲ ਆਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ।