ਚੰਡੀਗੜ੍ਹ,28 ਜੂਨ, Gee98 News service
-ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੈਨਸ਼ਨਧਾਰਕਾਂ ਦੇ ਕਰਵਾਏ ਸਰਵੇਖਣ ਤੋਂ ਬਾਅਦ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ। ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਵੱਲੋਂ ਸੂਬੇ ਦੇ ਪੈਨਸ਼ਨ ਲੈ ਰਹੇ ਲਾਭਪਾਤਰੀਆਂ ਦਾ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਤਹਿਤ 67,852 ਅਜਿਹੇ ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਹੋਈ ਹੈ ਜਿਨਾਂ ਦੇ ਬੈਂਕ ਖਾਤਿਆਂ ਵਿੱਚ ਸਮੇਂ ਦੇ ਨਾਲ ਨਾਲ ਲੱਗਭੱਗ 252 ਕਰੋੜ ਰੁਪਏ ਪੈਨਸ਼ਨ ਦੇ ਜਮ੍ਹਾਂ ਹੋ ਗਏ ਸਨ। ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਬੈਂਕਾਂ ਦੇ ਸਹਿਯੋਗ ਨਾਲ ਹੁਣ ਤੱਕ 252 ਕਰੋੜ ਦੀ ਰਾਸ਼ੀ ਵਿੱਚੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਬਾਕੀ ਦੇ ਪੈਸੇ ਦੀ ਵਸੂਲੀ ਵੀ ਜਲਦੀ ਕਰਨ ਤੇ ਇਹ ਯਕੀਨੀ ਬਣਾਉਣ ਕਿ ਇਹ ਰਕਮ ਯੋਗ ਲਾਭਪਾਤਰੀਆਂ ਨੂੰ ਬਤੌਰ ਪੈਨਸ਼ਨ ਦਿੱਤੀ ਜਾਵੇ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ‘ਚ ਲਗਭਗ 35 ਲੱਖ ਬਜ਼ੁਰਗ, ਵਿਧਵਾਵਾਂ, ਅਨਾਥ ਅਤੇ ਦਿਵਿਆਂਗ ਵਿਅਕਤੀਆਂ ਨੂੰ 1500 ਪ੍ਰਤੀ ਮਹੀਨਾ ਪੈਨਸ਼ਨ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੀ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਪਰਿਵਾਰ ਵਿੱਚ ਪੈਨਸ਼ਨ ਲੈ ਰਹੇ ਕਿਸੇ ਲਾਭਪਾਤਰੀ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਇਸ ਦੀ ਜਾਣਕਾਰੀ ਮ੍ਰਿਤਕ ਦੇ ਮੌਤ ਦੇ ਸਰਟੀਫਿਕੇਟ ਸਮੇਤ ਤੁਰੰਤ ਵਿਭਾਗ ਦੇ ਦਫ਼ਤਰ ਵਿੱਚ ਦਿੱਤੀ ਜਾਵੇ।