ਬਰਨਾਲਾ, 2 ਜੁਲਾਈ ( ਨਿਰਮਲ ਸਿੰਘ ਪੰਡੋਰੀ )-
ਸੰਘੇੜਾ ਤੋਂ ਤਰਕਸ਼ੀਲ ਚੌਂਕ ਬਾਈਪਾਸ ਦੇ ਨਾਲ-ਨਾਲ ਲੰਘਦੇ ਰਜਬਾਹੇ ਵਿੱਚ ਡਿੱਗਣ ਕਰਕੇ ਢਾਈ ਕੁ ਸਾਲ ਬੱਚੀ ਦੀ ਮੌਤ ਹੋ ਗਈ ਹੈ। ਇਹ ਬੱਚੀ ਰਜਵਾਹੇ ਦੇ ਨੇੜੇ ਹੀ ਝੌਪੜੀਆਂ ਵਿੱਚ ਰਹਿੰਦੇ ਇੱਕ ਪਰਿਵਾਰ ਨਾਲ ਸੰਬੰਧਿਤ ਸੀ। ਇਸ ਦਰਦਨਾਕ ਘਟਨਾ ਦੇ ਵੇਰਵੇ ਅਨੁਸਾਰ ਠੀਕਰੀਵਾਲਾ ਚੌਂਕ ਤੋਂ ਐਸਐਸਡੀ ਕਾਲਜ ਵਾਲੇ ਪਾਸੇ ਕਿਸੇ ਰਾਹਗੀਰ ਨੇ ਵੇਖਿਆ ਕਿ ਰਜਬਾਹੇ ਵਿੱਚ ਇੱਕ ਬੱਚੀ ਰੁੜਦੀ ਜਾ ਰਹੀ ਹੈ, ਜਿਸ ਨੂੰ ਤੁਰੰਤ ਪਾਣੀ ਵਿੱਚੋਂ ਬਾਹਰ ਕੱਢ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਹ ਰਜਬਾਹਾ ਪਿੰਡ ਸੰਘੇੜਾ ਵਿਖੇ ਵੀ ਆਬਾਦੀ ਦੇ ਬਿਲਕੁਲ ਵਿਚਕਾਰਦੀ ਲੰਘਦਾ ਹੈ ਅਤੇ ਸੰਘੇੜਾ ਪਿੰਡ ਤੋਂ ਬਾਜਾਖਾਨਾ ਟੀ ਪੁਆਇੰਟ ਤੋਂ ਅੱਗੇ ਤੱਕ ਵੀ ਇਸ ਦੇ ਦੋਵੇਂ ਪਾਸੇ ਰਿਹਾਇਸ਼ੀ ਮਕਾਨ ਬਣੇ ਹੋਏ ਹਨ। ਇਸ ਰਜਬਾਹੇ ਨੂੰ ਪੱਕਾ ਕਰਨ ਮੌਕੇ ਪਿੰਡ ਸੰਘੇੜਾ ਅਤੇ ਇਸ ਦੇ ਆਸ ਪਾਸ ਬਣੇ ਘਰਾਂ ‘ਚ ਰਹਿਣ ਵਾਲੇ ਲੋਕਾਂ ਨੇ ਉਸ ਵੇਲੇ ਦੇ ਸਿੰਚਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੰਗ ਕੀਤੀ ਸੀ ਕਿ ਇਸ ਰਜਬਾਹੇ ਨੂੰ ਪਾਈਪਾਂ ਪਾ ਕੇ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਜਾਵੇ ਪ੍ਰੰਤੂ ਮੰਤਰੀ ਨੇ ਲੋਕਾਂ ਦੀ ਇਸ ਮੰਗ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਤੇ ਰਜਬਾਹੇ ਨੂੰ ਪੱਕਾ ਕਰਕੇ ਖੁੱਲ੍ਹਾ ਹੀ ਛੱਡ ਦਿੱਤਾ।
ਹੁਣ ਜਦੋਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਪਹੁੰਚਣ ਦੀ ਮਨਸ਼ਾ ਨਾਲ ਰਜਵਾਹਿਆਂ ਵਿੱਚ ਲਗਾਤਾਰ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਆਬਾਦੀ ਵਿਚੋਂ ਲੰਘਦਾ ਇਹ ਓਪਨ ਰਜਬਾਹਾ ਬਹੁਤ ਖਤਰਨਾਕ ਹੋ ਗਿਆ ਹੈ, ਜਿਸ ਵਿੱਚ ਰੋਜ਼ਾਨਾ ਕੋਈ ਨਾ ਕੋਈ ਬੱਚਾ ਜਾਂ ਜਾਨਵਰ ਡਿੱਗ ਪੈਂਦਾ ਹੈ ਅਤੇ ਹੁਣ ਇਸ ਵਿੱਚ ਡਿੱਗਣ ਕਾਰਨ ਇੱਕ ਮਾਸੂਮ ਬੱਚੀ ਦੀ ਮੌਤ ਹੋ ਚੁੱਕੀ ਹੈ।ਪਿੰਡ ਸੰਘੇੜਾ ਅਤੇ ਬਰਨਾਲਾ ਦੇ ਸਥਾਨਿਕ ਲੋਕਾਂ ਨੇ ਸਰਕਾਰ ਅਤੇ ਬਰਨਾਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਰਜਬਾਹੇ ਨੂੰ ਪੱਕੇ ਤੌਰ ‘ਤੇ ਪਾਈਪਾਂ ਪਾ ਕੇ ਬੰਦ ਕਰਨ ਦੀ ਪ੍ਰਪੋਜਲ ਬਣਾਈ ਜਾਵੇ ਅਤੇ ਉਦੋਂ ਤੱਕ ਇਸ ਰਜਬਾਹੇ ਦੇ ਆਬਾਦੀ ਵਾਲੇ ਪਾਸੇ ਵੀ ਲੋਹੇ ਦੀ ਰੇਲਿੰਗ ਲਗਾਈ ਜਾਵੇ, ਜਿਸ ਤਰ੍ਹਾਂ ਬਾਈਪਾਸ ਵਾਲੇ ਪਾਸੇ ਲਗਾਈ ਹੋਈ ਹੈ।