ਬਰਨਾਲਾ,20 ਅਗਸਤ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਸ਼ਹਿਰ ਅੰਦਰ ਚੋਰਾਂ ਨੇ ਦੁਕਾਨਦਾਰਾਂ, ਵਪਾਰੀਆਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਦਿਨੇ ਅਤੇ ਰਾਤ ਨੂੰ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਬੀਤੀ ਰਾਤ ਵਕਤ ਕਰੀਬ 1 ਵਜੇ ਤੋਂ 2 ਵਜੇ ਦੇ ਦਰਮਿਆਨ ਬਰਨਾਲਾ ਦੇ ਰੇਲਵੇ ਸਟੇਸ਼ਨ ਵਾਲੇ ਚੌਂਕ ਤੋਂ ਜੋੜੇ ਪੰਪਾਂ ਵਾਲੇ ਪਾਸੇ ਪੰਜ ਦੁਕਾਨਾਂ ‘ਤੇ ਚੋਰੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਇੱਕ ਦਵਾਈਆਂ ਦੀ ਦੁਕਾਨ, ਦੋ ਸਾਈਕਲਾਂ ਦੀ ਦੀਆਂ ਦੁਕਾਨਾਂ, ਇੱਕ ਦੁੱਧ ਦੀ ਡੈਅਰੀ ਅਤੇ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ‘ਤੇ ਚੋਰੀ ਕੀਤੀ। ਚੋਰ ਰੇਲਵੇ ਸਟੇਸ਼ਨ ਵਾਲੇ ਪਾਸੇ ਦੁਕਾਨਾਂ ਦੇ ਮਗਰੋਂ ਚੜ ਕੇ ਛੱਤ ਰਾਹੀ ਦੁਕਾਨਾਂ ‘ਚ ਦਾਖਲ ਹੋਏ ਅਤੇ ਸਾਰੀਆਂ ਦੁਕਾਨਾਂ ਦੇ ਗੱਲਿਆਂ ਵਿੱਚ ਪਈ ਨਗਦੀ ਚੋਰੀ ਕਰਕੇ ਲੈ ਗਏ। ਇਹਨਾਂ ਦੁਕਾਨਾਂ ਵਿੱਚੋਂ ਇੱਕ ਦਵਾਈਆਂ ਦੀ ਦੁਕਾਨ ‘ਤੇ ਚੋਰਾਂ ਨੇ ਸਰਿੰਜਾਂ ਵੀ ਚੋਰੀ ਕੀਤੀਆਂ ਅਤੇ ਇੱਕ ਸਰਿੰਜ ਨਾਲ ਟੀਕਾ ਵੀ ਲਗਾਇਆ। ਚੋਰਾਂ ਦੀ ਦਹਿਸ਼ਤ ਨੇ ਜਿੱਥੇ ਇੱਕ ਪਾਸੇ ਦੁਕਾਨਦਾਰਾਂ ਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਉੱਥੇ ਦੂਜੇ ਪਾਸੇ ਬਰਨਾਲਾ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜੇ ਹੋ ਰਹੇ ਹਨ। ਚੋਰਾਂ ਦੇ ਮਨਾਂ ‘ਚ ਪੁਲਿਸ ਦਾ ਐਨਾ ਕੁ ਡਰ ਵੀ ਨਹੀਂ ਕਿ ਉਹ ਚੋਰੀ ਕਰਨ ਮੌਕੇ ਆਪਣਾ ਮੂੰਹ ਵੀ ਕੱਪੜੇ ਨਾਲ ਨਹੀਂ ਢੱਕਦੇ, ਸ਼ਰੇਆਮ ਨੰਗੇ ਮੂੰਹ ਚੋਰੀ ਕਰਦੇ ਹਨ ਜਦ ਕਿ ਹਰੇਕ ਚੋਰ ਨੂੰ ਪਤਾ ਹੈ ਕਿ ਲੱਗਭੱਗ ਹਰੇਕ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।
ਚੋਰਾਂ ਦਾ ਸ਼ਿਕਾਰ ਬਣੀਆਂ ਦੁਕਾਨਾਂ ‘ਤੇ ਮੌਕਾ ਵੇਖਣ ਆਏ ਥਾਣਾ ਸਿਟੀ-1 ਦੇ ਐਸਐਚਓ ਮਨਪ੍ਰੀਤ ਕੌਰ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਪ੍ਰੰਤੂ ਇਹ ਵੀ ਪਤਾ ਲੱਗਿਆ ਹੈ ਕਿ ਸ਼ਹਿਰ ਅੰਦਰ ਲੱਗੇ ਵੱਡੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ ਖਰਾਬ ਹਨ ਜਿਨਾਂ ਦਾ ਕੰਟਰੋਲ ਪੁਲਿਸ ਦੇ ਕੰਟਰੋਲ ਰੂਮ ਵਿੱਚ ਹੈ। ਮੌਕੇ ‘ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਜਤਿੰਦਰ ਜਿੰਮੀ ਨੇ ਕਿਹਾ ਕਿ ਬਰਨਾਲਾ ਪੁਲਿਸ ਦੀ ਨਲਾਇਕੀ ਹੈ ਕਿ ਚੋਰ ਪੂਰੀ ਦਲੇਰੀ ਨਾਲ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਵੀ ਚੋਰੀਆਂ ਕਰ ਰਹੇ ਹਨ। ਚੋਰ ਜਿੱਥੇ ਦੁਕਾਨਦਾਰਾਂ ਤੇ ਆਮ ਲੋਕਾਂ ਦਾ ਆਰਥਿਕ ਨੁਕਸਾਨ ਕਰ ਰਹੇ ਹਨ ਉੱਥੇ ਸ਼ਹਿਰ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਪ੍ਰੰਤੂ ਦੱਸ ਦੇਈਏ ਕਿ ਇਹਨਾਂ ਚੋਰੀਆਂ ਤੋਂ ਪਹਿਲਾਂ ਹੋਈਆਂ ਚੋਰੀਆਂ ਵਾਲੇ ਚੋਰ ਅਜੇ ਤੱਕ ਪੁਲਿਸ ਦੀ ਪਕੜ ਵਿੱਚ ਨਹੀਂ ਆਏ।










