Skip to main content

Gee 98News

…ਹੁਣ ਰਾਜਸਥਾਨ ਵਾਲੀ ਨਹਿਰ ‘ਚ ਰੁੜ ਜਾਣਗੇ ਪੰਜਾਬ ਦੇ ਅਸਲੀ ਮੁੱਦੇ….!

ਚੰਡੀਗੜ੍ਹ,19 ਮਾਰਚ, Gee98 news service-

ਜਦੋਂ ਵੀ ਕਿਧਰੇ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਸਿਆਸੀ ਪਾਰਟੀਆਂ ਕਈ ਵਰ੍ਹਿਆਂ ਤੋਂ ਦੱਬੇ ਹੋਏ ਮੁੱਦੇ ਵੀ ਮੁਰਦਿਆਂ ਦੇ ਰੂਪ ਵਿੱਚ ਉਖਾੜ ਦਿੰਦੀਆਂ ਹਨ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਚੋਣ ਵਰ੍ਹੇ ‘ਚ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲ ਰਹੇ ਹਨ ਜਿੱਥੇ ਸਿਆਸੀ ਪਾਰਟੀਆਂ ਸਮੇਂ ਤੋਂ ਪਹਿਲਾਂ ਹੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀਆਂ ਹਨ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਥੇ ਹੋਰ ਮੁੱਦਿਆਂ ਦੇ ਨਾਲ ਨਾਲ SYL ਦੇ ਮੁੱਦੇ ਨੂੰ ਵੀ ਮੁੱਖ ਰੱਖਿਆ ਸੀ ਉੱਥੇ ਹੁਣ ਆਮ ਆਦਮੀ ਪਾਰਟੀ ਨੇ ਰਾਜਸਥਾਨ ਨੂੰ ਜਾ ਰਹੇ ਪਾਣੀ ਨੂੰ ਮੁੱਦਾ ਬਣਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਕੀਮਤ ਵਸੂਲ ਕਰਨਗੇ ਜੋ ਕਈ ਸਾਲਾਂ ਤੋਂ ਬਕਾਇਆ ਖੜੀ ਹੈ ਅਤੇ ਇਹ ਰਕਮ ਲੱਖਾਂ ਕਰੋੜਾਂ ਵਿੱਚ ਬਣ ਚੁੱਕੀ ਹੈ। ਪੰਜਾਬ ਇਸ ਪੈਸੇ ਦਾ ਹੱਕਦਾਰ ਹੈ ਜਾਂ ਨਹੀਂ, ਰਾਜਸਥਾਨ ਦੇਵੇਗਾ ਜਾਂ ਨਹੀਂ ਦੇਵੇਗਾ ਇਹ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੀ ਸੱਤਾ ਦੇ ਪੂਰੇ ਚਾਰ ਸਾਲ ਬੀਤਣ ਤੋਂ ਬਾਅਦ ਪੰਜਵੇਂ ਵਰ੍ਹੇ ‘ਚ ਦਾਖਿਲ ਹੋਣ ਸਮੇਂ ਪੰਜਾਬ ਨਾਲ ਜੁੜੇ ਪਾਣੀ ਦੇ ਮੁੱਦੇ ਨੂੰ ਇੱਕ ਵਾਰ ਫਿਰ ਉਭਾਰਨਾ ਅਤੇ ਪਿਛਲੇ ਕਈ ਵਰ੍ਹਿਆਂ ਦੀ ਰਕਮ ਵਸੂਲ ਕਰਨ ਦੇ ਦਾਅਵੇ ਕਰਨ ਨੂੰ ਰਾਜਨੀਤਿਕ ਪੈਂਤੜਾ ਹੀ ਮੰਨਿਆ ਜਾ ਰਿਹਾ ਹੈ।

                                                      ਮੁੱਖ ਮੰਤਰੀ ਦੇ ਇਹਨਾਂ ਦਾਅਵਿਆਂ ‘ਤੇ ਸ਼ੰਕਾ ਇਸ ਕਰਕੇ ਵੀ ਹੈ ਕਿ SYL ਦੇ ਮੁੱਦੇ ‘ਤੇ ਹਰਿਆਣੇ ਨੂੰ ਛੋਟਾ ਭਰਾ ਕਹਿਣ ਵਾਲੇ ਮੁੱਖ ਮੰਤਰੀ ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਕਿਵੇਂ ਵਸੂਲਣਗੇ ? ਹਾਲਾਂਕਿ ਇਹ ਵੱਖਰਾ ਮੁੱਦਾ ਹੈ ਕਿ ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਵਸੂਲਣਾ ਰਿਪੇਰੀਅਨ ਕਾਨੂੰਨ ਨਾਲ ਸੰਬੰਧਿਤ ਹੈ ਜਾਂ ਨਹੀਂ ? ਭਾਵੇਂ ਕਿ ਲੋਕ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਵਸੂਲ ਕਰਨਾ ਬੇਰੀ ਤੋਂ ਪੱਥਰ ਮਾਰ ਕੇ ਬੇਰ ਝਾੜਨ ਵਾਂਗ ਨਹੀਂ ਹੈ ਪਰੰਤੂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਤੱਕ ਇਸ ਮੁੱਦੇ ਨੂੰ ਪੂਰਾ ਰਿੜਕੇਗੀ, ਜਿਸ ਤਰ੍ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਾਹਿਰ ਕਰ ਹੀ ਦਿੱਤਾ ਹੈ। ਭਗਵੰਤ ਮਾਨ ਵੱਲੋਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕਰਨ ਦੇ ਦਾਅਵਿਆਂ ਦਾ ਇੱਕ ਪੱਖ ਇਹ ਵੀ ਹੋ ਸਕਦਾ ਹੈ ਕਿ ਰਾਜਸਥਾਨ ਨੂੰ ਜਾਂਦੇ ਪਾਣੀ ਦੇ ਨਾਲ ਪੰਜਾਬ ਦੇ ਹੋਰ ਮੁੱਦੇ ਵੀ ਰੋੜ ਦਿੱਤੇ ਜਾਣਗੇ, ਇਹ ਪੰਜਾਬ ਦੇ ਉਹੀ ਮੁੱਦੇ ਹਨ ਜਿਹੜੇ ਕਈ ਸਾਲਾਂ ਤੋਂ ਬਿਨਾਂ ਪਾਣੀ ਤੋਂ ਚੱਲ ਰਹੀ SYL ‘ਚ ਰੁੜੇ ਫਿਰਦੇ ਹਨ। ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਣੀ ਨਾਲ ਨੱਕੋ ਨੱਕ ਭਰੀ ਰਾਜਸਥਾਨ ਨਹਿਰ ਵਿੱਚ ਇਹਨਾਂ ਦਾ ਮੁੱਦਿਆਂ ਨੂੰ ਪੱਕੇ ਤੌਰ ‘ਤੇ ਰੋੜ ਦੇਣਾ ਚਾਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਕੀਮਤ ਵਸੂਲਣ ਦੇ ਦਾਅਵਿਆਂ ਨਾਲ ਸੰਬੰਧਿਤ ਇਹ ਇੱਕ ਅਜਿਹਾ ਪੱਖ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ।

Gee98 Ads
error: Content is protected !!