Skip to main content

Gee 98News

ਮੰਤਰੀ ਲਾਲਜੀਤ ਭੁੱਲਰ, ਉਸਦੇ ਪਿਤਾ ਤੇ ਪੀਏ ਦੇ ਖ਼ਿਲਾਫ਼ FIR ਦਰਜ… ਵਿਰੋਧੀ ਧਿਰਾਂ ਵੱਲੋਂ ਗ੍ਰਿਫ਼ਤਾਰੀ ਦੀ ਮੰਗ

ਚੰਡੀਗੜ੍ਹ ,22 ਮਾਰਚ , Gee98 news service-

-ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਨਦੀਪ ਸਿੰਘ ਰੰਧਾਵਾ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਉਸਦੇ ਪਿਤਾ ਅਤੇ ਪੀਏ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਜ਼ਿਲ੍ਹਾ ਮੈਨੇਜਰ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ ‘ਤੇ BNS ਦੀ ਧਾਰਾ 108 (ਆਤਮਹੱਤਿਆ ਲਈ ਉਕਸਾਉਣਾ), 351(3) ਮਾਰਨ ਦੀ ਧਮਕੀ ਦੇਣਾ, 3(5) ਜੁਰਮ ਵਿੱਚ ਸ਼ਮੂਲੀਅਤ ਦੀਆਂ ਵੱਖ ਵੱਖ ਧਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਸਾਰੇ ਦਿਨ ਦੀ ਆਨਾਕਾਨੀ ਤੋਂ ਬਾਅਦ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਦਬਾਅ ਤਹਿਤ ਦੇਰ ਰਾਤ ਮੰਤਰੀ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਆਪਣੇ ਬਿਆਨਾਂ ‘ਚ ਜ਼ਿਲ੍ਹਾ ਮੈਨੇਜਰ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਕਿਹਾ ਕਿ “ਮੰਤਰੀ ਭੁੱਲਰ ਨੇ ਮੇਰੇ ਪਤੀ ਨੂੰ ਧਮਕੀਆਂ ਦਿੱਤੀਆਂ ਕਿ ਮੇਰੇ ਗੈਂਗਸਟਰ ਪਾਲੇ ਹੋਏ ਹਨ ਤੈਨੂੰ ਖਤਮ ਕਰ ਲਈ ਮੇਰਾ ਇੱਕ ਇਸ਼ਾਰਾ ਹੀ ਕਾਫੀ ਹੈ, ਜੇਕਰ ਤੂੰ ਮੇਰੇ ਨਿਯਮਾਂ ਨੂੰ ਨਹੀਂ ਮੰਨ ਸਕਦਾ ਤਾਂ ਤੈਨੂੰ ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ, ਤੂੰ ਜ਼ਹਿਰ ਖਾ ਲੈ… ਇਸ ਤੋਂ ਬਾਅਦ ਮੇਰੇ ਪਤੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ”। ਅੰਮ੍ਰਿਤਸਰ ਪੁਲਿਸ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਸਾਂਝੇ ਤੌਰ ‘ਤੇ ਦਬਾਅ ਪਾਏ ਜਾਣ ਤੋਂ ਬਾਅਦ ਹੀ ਮੰਤਰੀ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ, ਵਿਰੋਧੀ ਧਿਰਾਂ ਵੱਲੋਂ ਮੰਤਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧ ਦੇ ਵਿੱਚ ਅੱਜ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਮੌਕੇ ਪੀੜਿਤ ਪਰਿਵਾਰ ਵੀ ਵਿਰੋਧੀ ਧਿਰਾਂ ਦੇ ਨਾਲ ਹੋਵੇਗਾ। ‌ ਦੂਜੇ ਪਾਸੇ ਮ੍ਰਿਤਕ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਅਤੇ ਉਸਦੇ ਦੋਸਤਾਂ ਮਿੱਤਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪੀੜ੍ਹਤ ਦੇ ਘਰ ਆਉਣ ਜਾਂ ਮਿਲਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਉਹ ਕਿਸੇ ਅਣਹੋਣੀ ਦੇ ਜ਼ਿੰਮੇਵਾਰ ਨਹੀਂ ਹੋਣਗੇ।

error: Content is protected !!