ਚੰਡੀਗੜ੍ਹ,23 ਮਾਰਚ, Gee98 news service-
-ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ‘ਤੇ ਦੋਸ਼ ਲਗਾ ਕੇ ਆਤਮਹੱਤਿਆ ਕਰਨ ਵਾਲੇ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦਾ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ ਹੋਇਆ। ਰੰਧਾਵਾ ਦੀ ਲਾਸ਼ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੱਖੀ ਹੋਈ ਹੈ। ਦੂਜੇ ਪਾਸੇ ਸੋਮਵਾਰ ਸਵੇਰੇ ਇੱਕ ਸੀਸੀਟੀਵੀ ਵੀਡੀਓ ਕਲਿੱਪ ਸਾਹਮਣੇ ਆਈ ਜਿਸ ਵਿੱਚ ਰੰਧਾਵਾ ਨੂੰ ਆਪਣੇ ਘਰ ਦੇ ਵਿਹੜੇ ‘ਚ ਘੁੰਮਦੇ ਹੋਏ ਵੇਖਿਆ ਜਾ ਰਿਹਾ ਹੈ। ਕਰੀਬ ਤਿੰਨ ਕੁ ਮਿੰਟ ਦੀ ਇਸ ਵੀਡੀਓ ਕਲਿੱਪ ਦੇ ਵਿੱਚ ਰੰਧਾਵਾ ਆਪਣੇ ਘਰ ਦੇ ਵਿਹੜੇ ‘ਚ ਇਧਰ ਉਧਰ ਚੱਕਰ ਲਗਾ ਰਹੇ ਹਨ ਅਤੇ ਫਿਰ ਇੱਕ ਜਗ੍ਹਾ ਰੁਕ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਪਾਣੀ ਪੀ ਲੈਂਦੇ ਹਨ। ਇਸ ਤੋਂ ਬਾਅਦ ਹੀ ਰੰਧਾਵਾ ਨੇ 12 ਕੁ ਸੈਕਿੰਡ ਦਾ ਦੂਜਾ ਵੀਡੀਓ ਕਲਿੱਪ ਬਣਾਇਆ ਜਿਸ ਵਿੱਚ ਉਹ ਕਹਿ ਰਹੇ ਹਨ ਕਿ “ਖਾ ਲਈ ਸਲਫਾਸ ਥੋਡੇ ਯਾਰ ਨੇ, ਮਨਿਸਟਰ ਲਾਲਜੀਤ ਭੁੱਲਰ ਤੋਂ ਤੰਗ ਆ ਕੇ, ਹੁਣ ਨਹੀਂ ਬਚਦਾ ਮੈਂ”। ਰੰਧਾਵਾ ਦੇ ਪਰਿਵਾਰ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਮੰਤਰੀ ਭੁੱਲਰ ਅਤੇ ਹੋਰ ਦੋਸ਼ੀਆਂ ਨੂੰ 24 ਘੰਟੇ ‘ਚ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੀਆਂ ਦੋ ਬੇਟੀਆਂ ਤੇ ਬੇਟੇ ਨੂੰ ਲੈ ਕੇ ਸੜਕ ‘ਤੇ ਬੈਠ ਜਾਵੇਗੀ। ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਆਪਣੇ ਘਰ ‘ਚ ਪ੍ਰੈਸ ਕਾਨਫਰੰਸ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਦੌਰਾਨ ਰੰਧਾਵਾ ਦੀ ਮਾਤਾ ਭਾਗ ਕੌਰ ਜ਼ੋਰ ਨਾਲ ਰੋਂਦੀ ਰਹੀ ਅਤੇ ਕਹਿੰਦੀ ਰਹੀ ਕਿ “ਮੰਤਰੀ ਨੇ ਮੇਰਾ ਪੁੱਤਰ ਮਾਰ ਦਿੱਤਾ”। ਇਸ ਮੌਕੇ ਰੰਧਾਵਾ ਦੀ ਬੇਟੀ ਸੀਰਤ ਨੇ ਕਿਹਾ ਕਿ “ਉਸ ਨੇ ਹੁਣ ਤੱਕ ਆਪਣੇ ਪਾਪਾ ਦੀ ਲਾਸ਼ ਨਹੀਂ ਦੇਖੀ, ਕੋਈ ਆਮ ਆਦਮੀ ਹੁੰਦਾ ਤਾਂ ਕਦੋਂ ਦਾ ਗ੍ਰਿਫ਼ਤਾਰ ਹੋ ਜਾਂਦਾ, ਕੀ ਮੰਤਰੀ ਲਈ ਕੋਈ ਵੱਖਰਾ ਕਾਨੂੰਨ ਹੈ”। ਡੀਐਮ ਗਗਨਦੀਪ ਰੰਧਾਵਾ ਦੀ ਆਤਮਹੱਤਿਆ ਕਰਨ ਤੋਂ ਪਹਿਲਾਂ ਦੀ ਵਾਇਰਲ ਹੋ ਰਹੀ ਵੀਡੀਓ ਕਲਿੱਪ ਨੇ ਲੋਕਾਂ ਵਿੱਚ ਹੋਰ ਰੋਸ ਫੈਲਾ ਦਿੱਤਾ ਹੈ। ਦੂਜੇ ਪਾਸੇ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ‘ਤੇ ਲੱਗੀ ਹੋਈ ਜਦਕਿ ਇਹ ਮਾਮਲਾ ਹੁਣ ਦੇਸ਼ ਤੋਂ ਬਾਹਰ ਨਿਕਲ ਕੇ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਮਾਮਲੇ ‘ਚ ਭਗਵੰਤ ਮਾਨ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਪਰਿਵਾਰ ਨੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਨਾ ਕਰਵਾਉਣ ਅਤੇ ਸਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ।








