Skip to main content

Gee 98News

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

– ਜ਼ਿਲ੍ਹੇ ਦੇ ਵੱਡੇ/ਛੋਟੇ ਕਈ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਬਰਨਾਲਾ ,24 ਮਾਰਚ (ਨਿਰਮਲ ਸਿੰਘ ਪੰਡੋਰੀ)-

ਨੈਸ਼ਨਲ ਗਰੀਨ ਟ੍ਰਿਬਿਊਨਲ ਦਿੱਲੀ ਨੇ ਬਰਨਾਲਾ ਦੇ ਨਗਰ ਸੁਧਾਰ ਟਰੱਸਟ, ਬਰਨਾਲਾ ਦੀ ਪੁੱਡਾ ਮਾਰਕੀਟ, ਪਿੰਡ ਧਨੇਰ, ਬਦਰਾ ਤੇ ਬਖਤਗੜ੍ਹ ਵਿਖੇ ਸਾਝੀਆਂ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਨਜਾਇਜ਼ ਤੌਰ ਤਰੀਕੇ ਨਾਲ ਦਰੱਖਤ ਪੁੱਟਣ ਸਬੰਧੀ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਸਖ਼ਤ ਹੁਕਮ ਪਾਸ ਕੀਤੇ ਹਨ। ਟ੍ਰਿਬਿਊਨਲ ਦੇ ਇਹਨਾਂ ਹੁਕਮਾਂ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ/ਅਧਿਕਾਰੀ, ਪੁੱਡਾ ਮਾਰਕੀਟ ਦੇ ਅਧਿਕਾਰੀ ਅਤੇ ਪਿੰਡ ਧਨੇਰ, ਬਦਰਾ ਤੇ ਬਖਤਗੜ੍ਹ ਦੀਆਂ ਪੰਚਾਇਤਾਂ ਸਮੇਤ ਬਲਾਕ ਅਧਿਕਾਰੀ ਕਸੂਤੀ ਸਥਿਤੀ ਵਿੱਚ ਫਸ ਸਕਦੇ ਹਨ, ਜਿਹੜੇ ਇਹਨਾਂ ਸਾਂਝੀਆਂ ਸਰਕਾਰੀ ਥਾਵਾਂ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਕੱਟਣ ਸਬੰਧੀ ਜ਼ਿੰਮੇਵਾਰ ਹਨ। ਇਸ ਸਬੰਧੀ ਇੱਕ ਪਟੀਸ਼ਨ ਬਰਨਾਲਾ ਦੇ ਸਮਾਜਸੇਵੀ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਦਾਇਰ ਕੀਤੀ ਸੀ।

Gee98 Ads

                                                             ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਪ੍ਰਿੰਸੀਪਲ ਬੈਂਚ ਦੇ ਚੇਅਰਪਰਸਨ ਮਾਨਯੋਗ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵਾ, ਡਾ.ਏ.ਸੰਥਿਲ ਵੇਲ ਐਕਸਪਾਰਟ ਮੈਂਬਰ ਅਤੇ ਡਾ.ਅਫਰੋਜ਼ ਅਹਿਮਦ ਐਕਸਪਾਰਟ ਮੈਂਬਰ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਸਰਕਾਰੀ ਹਰੇ ਭਰੇ ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ਵਲੋਂ ਗ਼ੈਰ ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ 15 ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਭਾਰਤ ਸਰਕਾਰ ਦੇ ਕੇਦਰੀ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਘਟਨਾ ਸਥਾਨ ‘ਤੇ ਜਾ ਕੇ ਪੁੱਟੇ ਗਏ ਰੁੱਖਾਂ ਦੀ ਗਿਣਤੀ, ਰੁੱਖ ਪੁੱਟਣ ਦੇ ਜ਼ਿੰਮੇਵਾਰ ਵਿਆਕਤੀਆਂ ਦੇ ਨਾਮ ਪਤੇ ਅਤੇ ਢੁਕਵੀ ਸਜ਼ਾ ਤੇ ਜੁਰਮਾਨੇ ਲਈ ਸੁਝਾਅ ਸਾਹਿਤ ਰਿਪੋਰਟ ਦੇਣ ਦੇ ਕਮੇਟੀ ਨੂੰ ਚਾਰ ਹਫ਼ਤਿਆਂ ਵਿਚ ਆਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਪ੍ਰਿੰਸੀਪਲ ਸਕੱਤਰ ਪੰਚਾਇਤ ਵਿਭਾਗ ਪੰਜਾਬ, ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਡਵੀਜਨਲ ਫਾਰਸੈਟ ਅਫ਼ਸਰ ਸੰਗਰੂਰ, ਐਸ.ਐਸ.ਪੀ ਬਰਨਾਲਾ, ਡੀ.ਡੀ.ਪੀ.ਓ ਬਰਨਾਲਾ, ਬੀ.ਡੀ.ਪੀ.ਓ ਮਹਿਲ ਕਲਾਂ ਤੇ ਸ਼ਹਿਣਾ, ਈ.ਓ ਨਗਰ ਸੁਧਾਰ ਟਰੱਸਟ ਬਰਨਾਲਾ, ਵਣ ਵਿਭਾਗ ਦੇ ਡੀ.ਐਫ.ਓ ਸੰਗਰੂਰ, ਰੇਂਜ ਅਫ਼ਸਰ ਵਣ ਵਿਭਾਗ ਬਰਨਾਲਾ, ਐਕਸੀਅਨ ਪੁੱਡਾ ਪਟਿਆਲਾ, ਅਧਿਕਾਰੀਆਂ ਸਮੇਤ ਸਰਪੰਚ ਬਦਰਾ, ਧਨੇਰ ਤੇ ਬਖਤਗੜ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

                                                      ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਹੈ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਾਂਚ ਕਮੇਟੀ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਭਾਰਤ ਸਰਕਾਰ ਦਾ ਇਕ ਨੁਮਾਇੰਦਾ, ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਦੇ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਖੇਤਰੀ ਦਫ਼ਤਰ ਚੰਡੀਗੜ੍ਹ ਦਾ ਇਕ ਨੁਮਾਇੰਦਾ, ਪ੍ਰਿੰਸੀਪਲ ਚੀਫ਼ ਜੰਗਲਾਤ ਵਿਭਾਗ ਪੰਜਾਬ ਸਰਕਾਰ ਨੂੰ ਸ਼ਾਮਲ ਕੀਤਾ ਹੈ। ਉਹਨਾਂ ਦੱਸਿਆ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਹੁਕਮਾਂ ਅਨੁਸਾਰ ਜਲਦ ਹੀ ਗਠਿਤ ਕੀਤੀ ਗਈ ਭਾਰਤ ਸਰਕਾਰ ਦੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਜ਼ਿਲਾ ਬਰਨਾਲਾ ਦੀਆਂ ਸਰਕਾਰੀ ਥਾਵਾਂ ਵਿਚੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਵਾਲੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਵਿਸਥਾਰ ਨਾਲ ਜਾਂਚ ਪੜ੍ਹਤਾਲ ਕਰੇਗੀ। ਉਨ੍ਹਾਂ ਕਿਹਾ ਕਿ ਐਨ.ਜੀ.ਟੀ.ਦਿੱਲੀ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਨੂੰ ਜ਼ਿਲਾ ਬਰਨਾਲਾ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਰੁੱਖ ਪੁੱਟਣ, ਪੁੱਡਾ ਮਾਰਕੀਟ ਬਰਨਾਲਾ ਵਿਚੋਂ ਗ਼ੈਰ ਕਾਨੂੰਨੀ 100 ਸਾਲ ਨਿੰਮ ਦਾ ਪੁਰਾਣਾ ਰੁੱਖ ਕੱਟਣ, ਪਿੰਡ ਬਦਰਾ, ਧਨੇਰ ਤੇ ਬਖਤਗੜ ਦੀਆਂ ਸਾਂਝੀਆਂ ਥਾਵਾਂ ਤੋਂ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਸਬੰਧੀ ਪੁਖ਼ਤਾ ਸਬੂਤ ਪੇਸ਼ ਕੀਤੇ ਜਾਣਗੇ ਅਤੇ ਰੁੱਖ ਪੁੱਟ ਕੇ ਵਾਤਾਵਰਨ ਦਾ ਨੁਕਸਾਨ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਦੀ ਮੰਗ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨਕੇ ਦੀ ਤਸਵੀਰ

error: Content is protected !!