ਚੰਡੀਗੜ੍ਹ ,11 ਅਪ੍ਰੈਲ , Gee98 News service-
-ਪੰਜਾਬ ਪੁਲਿਸ ਅਕਸਰ ਆਪਣੇ ਅਜੀਬ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਪੁਲਿਸ ਨੇ ਇੱਕ “ਫੇਕ ਰੇਡ” ਕਰਕੇ ਇੱਕ ਵਿਅਕਤੀ ਦੇ ਘਰੋਂ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਅਤੇ ਐਫਆਈਆਰ ਵੀ ਦਰਜ ਕਰ ਦਿੱਤੀ। ਪੁਲਿਸ ਦਾ ਦਾਅਵਾ ਹੈ ਕਿ ਕੇਸ ਵਿੱਚ ਨਾਮਜ਼ਦ ਕੀਤੇ ਅਕਰਮ ਦੇ ਘਰੋਂ 35 ਲੀਟਰ ਲਾਹਣ (ਦੇਸੀ ਸ਼ਰਾਬ) ਦਾ ਬਰਾਮਦ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਦੀ ਇਸ ਰੇਡ ਨਾਲ ਸੰਬੰਧਿਤ ਇੱਕ ਸੀਸੀਟੀਵੀ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜੇ ਹੋਏ ਹਨ। ਸੀਸੀਟੀਵੀ ਦੀ ਵੀਡੀਓ ਕਲਿੱਪ ਦੇ ਅਨੁਸਾਰ ਅਕਰਮ ਦੇ ਘਰ ਅੱਗੇ ਆ ਕੇ ਇੱਕ ਪ੍ਰਾਈਵੇਟ ਗੱਡੀ ਰੁਕਦੀ ਹੈ ਜਿਸ ਵਿੱਚੋਂ ਪੁਲਿਸ ਕਰਮਚਾਰੀ ਇੱਕ ਨੀਲੇ ਰੰਗ ਦਾ ਡਰੰਮ ਕੱਢ ਕੇ ਅਕਰਮ ਦੇ ਘਰ ਅੰਦਰ ਲਿਜਾਂਦੇ ਹਨ ਅਤੇ ਕੁਝ ਹੀ ਮਿੰਟਾਂ ਬਾਅਦ ਉਹੀ ਨੀਲੇ ਰੰਗ ਦਾ ਡਰੰਮ ਉਪਰੋਂ ਕੱਪੜੇ ਨਾਲ ਸੀਲ ਕੀਤਾ ਹੋਇਆ ਲਿਆ ਕੇ ਗੱਡੀ ਵਿੱਚ ਰੱਖ ਦਿੰਦੇ ਹਨ ਅਤੇ ਇਹ ਪੁਲਿਸ ਪਾਰਟੀ ਥਾਣਾ ਸ਼ਾਹਕੋਟ ਜਾ ਕੇ ਅਕਰਮ ਦੇ ਖ਼ਿਲਾਫ਼ 35 ਲੀਟਰ ਲਾਹਣ ਦੇਸੀ ਸ਼ਰਾਬ ਬਰਾਮਦਗੀ ਦਾ ਪਰਚਾ ਦਰਜ ਕਰ ਦਿੰਦੀ ਹੈ। ਅਕਰਮ ਦੇ ਘਰ ਅੱਗੇ ਸੀਸੀਟੀਵੀ ਵੀਡੀਓ ਕਲਿੱਪ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਥਾਣਾ ਸ਼ਾਹਕੋਟ ਦੇ ਪਿੰਡ ਦੌਲਤਪੁਰਾ ‘ਚ ਅਕਰਮ ਦੇ ਘਰ ਅੱਗੇ ਇੱਕ ਸਫੈਦ ਰੰਗ ਦੀ XUV ਗੱਡੀ ਆ ਕੇ ਰੁਕਦੀ ਹੈ। ਜਿਸ ਵਿੱਚੋਂ ਤਿੰਨ ਵਿਅਕਤੀ ਬਾਹਰ ਨਿਕਲਦੇ ਹਨ, ਕੁਝ ਸਮਾਂ ਉਹ ਘਰ ਦੇ ਬਾਹਰ ਗਲੀ ‘ਚ ਖੜੇ ਰਹਿੰਦੇ ਹਨ, ਆਪਸ ਵਿੱਚ ਗੱਲਬਾਤ ਕਰਦੇ ਹਨ ਅਤੇ ਫਿਰ ਗੱਡੀ ਦੀ ਡਿੱਗੀ ਖੋਲ ਕੇ ਨੀਲਾ ਡਰੰਮ ਗੱਡੀ ਵਿੱਚੋਂ ਬਾਹਰ ਕੱਢਦੇ ਹਨ ਅਤੇ ਅਕਰਮ ਦੇ ਘਰ ਲੈ ਜਾਂਦੇ ਹਨ।
ਇਸ ਦੇ ਤੁਰੰਤ ਬਾਅਦ ਹੀ ਸੱਤ ਹੋਰ ਵਿਅਕਤੀ ਜਿਨਾਂ ਵਿੱਚੋਂ ਚਾਰ ਪੁਲਿਸ ਕਰਮਚਾਰੀ ਵਰਦੀਧਾਰੀ ਅਤੇ ਤਿੰਨ ਸਿਵਲ ਕੱਪੜਿਆਂ ਵਿੱਚ ਅਕਰਮ ਦੇ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਪਹਿਲਾ ਵਾਲਾ ਨੀਲਾ ਡਰੰਮ ਅੰਦਰ ਲੈ ਕੇ ਗਏ ਵਿਅਕਤੀਆਂ ਸਮੇਤ ਸੀਲ ਕੀਤਾ ਹੋਇਆ ਡਰੰਮ ਲੈ ਕੇ ਬਾਹਰ ਨਿਕਲਦੇ ਹਨ ਅਤੇ ਗੱਡੀ ਵਿੱਚ ਰੱਖ ਕੇ ਚਲੇ ਜਾਂਦੇ ਹਨ। ਸੂਤਰਾਂ ਅਨੁਸਾਰ ਪੁਲਿਸ ਰੇਡ ਸਮੇਂ ਅਕਰਮ ਦੇ ਘਰ ਕੋਈ ਵੀ ਨਹੀਂ ਸੀ ਪ੍ਰੰਤੂ ਅਕਰਮ ਦੇ ਘਰ ਦਾ ਗੇਟ ਖੁੱਲਾ ਸੀ। ਪੁਲਿਸ ਦਾ ਦਾਅਵਾ ਹੈ ਕਿ ਅਕਰਮ ਦੇ ਘਰੋਂ ਤੂੜੀ ਵਾਲੇ ਕਮਰੇ ਵਿੱਚੋਂ ਨੀਲੇ ਰੰਗ ਦੇ ਡਰੰਮ ‘ਚ 35 ਲੀਟਰ ਲਾਹਣ ਬਰਾਮਦ ਹੋਈ ਹੈ। ਸ਼ਾਹਕੋਟ ਪੁਲਿਸ ਵੱਲੋਂ ਕੀਤੀ ਇਸ ਰੇਡ ਸਮੇਂ ਐਕਸਾਈਜ਼ ਟੀਮ ਦੇ ਅਧਿਕਾਰੀ ਵੀ ਹਾਜ਼ਰ ਸਨ। ਪੁਲਿਸ ਦੀ ਇਸ ਰੇਡ ਸਬੰਧੀ ਵੀਡੀਓ ਕਲਿੱਪ ਜਦ ਜੰਗਲ ਦੀ ਅੱਗ ਵਾਂਗ ਵਾਇਰਲ ਹੋਈ ਤਾਂ ਇਸ ‘ਤੇ ਟਿੱਪਣੀ ਕਰਦੇ ਹੋਏ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਜੇਕਰ ਇਹ ਫੇਕ ਰੇਡ ਨਿਕਲੀ ਤਾਂ ਜ਼ਿੰਮੇਵਾਰ ਕਰਮਚਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ- ਸੰਬੰਧਿਤ ਤਸਵੀਰਾਂ










