Skip to main content

Gee 98News

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

ਬਰਨਾਲਾ,11 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਨੂੰ ਵੱਖ-ਵੱਖ ਕੰਮਾਂ ਲਈ ਗ੍ਰਾਂਟਾਂ ਵੰਡਣ ਦੀ ‌ਅਹਿਮ ਡਿਊਟੀ ਨਿਭਾਉਣ ਵਾਲੇ ਇੱਕ ਅਧਿਆਪਕ ‘ਤੇ ‌ਹੀ ਸਰਕਾਰੀ ਗਰਾਂਟ ਨਾਲ ਹੋਏ ਕੰਮ ‘ਚ ਘਪਲੇਬਾਜ਼ੀ ਅਤੇ ਗਰਾਂਟਾਂ ਦੀ ਵੰਡ ਵੀ ਪੱਖਪਾਤੀ ਢੰਗ ਨਾਲ ਕਰਨ ਦੇ ਦੋਸ਼ ਲੱਗੇ ਹਨ।‌ ਇਸ ਮਾਮਲੇ ਸਬੰਧੀ ਸਰਕਾਰੀ ਹਾਈ ਸਕੂਲ ਸਹਿਜੜਾ ਦੀ ਮੈਨੇਜਮੈਂਟ ਕਮੇਟੀ, ਗ੍ਰਾਮ ਪੰਚਾਇਤ ਨੇ ਇੱਕ ਲਿਖਤੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਨੂੰ ਸਕੂਲ ਮੁਖੀ ਰਜੇਸ਼ ਕੁਮਾਰ ਦੇ ਖ਼ਿਲਾਫ਼ ਦਿੱਤੀ ਜਿਸ ਤੋਂ ਬਾਅਦ ਵਿਭਾਗ ਨੇ ਮਾਮਲੇ ਦੀ ਪੜ੍ਹਤਾਲ ਲਈ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਜਾਂਚ ਕਮੇਟੀ ਨੇ ਪੜ੍ਹਤਾਲ ਵੀ ਕੀਤੀ। ਪਿੰਡ ਦੇ ਹਾਈ ਸਕੂਲ ਵਿੱਚ ਗ੍ਰਾਂਟਾਂ ਦੀ ਦੁਰਵਰਤੋਂ ਅਤੇ ਖ਼ਰੀਦੋ-ਫਰੋਖ਼ਤ ਵਿੱਚ ਵੱਡੀ ਗੜਬੜੀ ਨੂੰ ਵਿਭਾਗ ਨੇ ਗੰਭੀਰਤਾ ਨਾਲ ਲਿਆ ਜਿਸ ਤੋਂ ਬਾਅਦ ਪੜਤਾਲੀਆ ਕਮੇਟੀ ਨੇ ਲਗਾਤਾਰ ਦੋ ਦਿਨ ਸਕੂਲ ਪੁੱਜ ਕੇ ਪੜ੍ਹਤਾਲ ਕੀਤੀ ਅਤੇ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਦੇ ਬਿਆਨ ਵੀ ਦਰਜ ਕੀਤੇ। ਮੁੱਖ ਮੰਤਰੀ ਪੰਜਾਬ ਨੂੰ ਭੇਜੀ ਆਪਣੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾਵਾਂ ਨੇ ਮੁੱਖ ਅਧਿਆਪਕ ਉੱਪਰ ਨਿਯਮਾਂ ਨੂੰ ਛਿੱਕੇ ਟੰਗਣ ਦੇ ਦੋਸ਼ ਲਗਾਉਂਦੇ ਹੋਏ ਲਿਖਿਆ ਕਿ ਆਈਐਸਕਿਊਐਫ ਲੈਬ ਦੀ ਉਸਾਰੀ ਅਤੇ ਸਮਾਨ ਦੀ ਖ਼ਰੀਦ ਲਈ ਕੋਈ ਵੀ ਅਧਿਕਾਰਤ ‘ਖ਼ਰਚਾ ਕਮੇਟੀ’ ਨਹੀਂ ਬਣਾਈ ਗਈ ਅਤੇ ਲੈਬ ਦਾ ਲੈਂਟਰ ਪੈਣ ਤੋਂ ਪਹਿਲਾਂ ਹੀ 85 ਫ਼ੀਸਦੀ ਗ੍ਰਾਂਟ ਖ਼ਰਚ ਦਿੱਤੀ ਗਈ। ਇਸ ਤੋਂ ਇਲਾਵਾ ਸਕੂਲ ਮੁਖੀ ਵੱਲੋਂ ਘਟੀਆ ਕੁਆਲਿਟੀ ਦਾ ਰੰਗ ਰੋਗਨ ਖਰੀਦਣ ਦੇ ਦੋਸ਼ ਵੀ ਲੱਗੇ ਹਨ।

                                                                           ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਸਹਿਜੜਾ ਦਾ ਮੁਖੀ ਰਜੇਸ਼ ਕੁਮਾਰ ਬਤੌਰ ਜ਼ਿਲ੍ਹਾ ਸਮਾਰਟ ਮੈਂਟਰ (DSM) ਵੀ ਕੰਮ ਕਰ ਰਿਹਾ ਹੈ ਜੋ ਸਰਕਾਰੀ ਸਕੂਲਾਂ ਨੂੰ ਗਰਾਂਟਾਂ ਜਾਰੀ ਕਰਨ ਦੀ ਸਿਫ਼ਾਰਸ਼ ਕਰਦਾ ਹੈ, ਇਸ ਲਈ ਮਾਮਲਾ ਹੋਰ ਵੀ ਪੇਚੀਦਾ ਬਣ ਜਾਂਦਾ ਹੈ ਕਿ ਜੇਕਰ DSM ਉੱਪਰ ਹੀ ਗਰਾਂਟਾਂ ਦੀ ਦੁਰਵਰਤੋਂ ਦੇ ਦੋਸ਼ ਲੱਗਣਗੇ ਤਾਂ ਉਸ ਵੱਲੋਂ ਸਿਫ਼ਾਰਸ਼ ਕੀਤੀਆਂ ਗਰਾਂਟਾਂ ਦੀ ਪ੍ਰਕਿਰਿਆ ਵੀ ਸ਼ੱਕ ਦੇ ਘੇਰੇ ਵਿੱਚ ਆਉਣੀ ਸੁਭਾਵਿਕ ਹੀ ਹੈ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਸਕੂਲ ਮੁਖੀ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਕੰਮਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਪੜ੍ਹਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਾਂਚ ਰਿਪੋਰਟ ਵਿੱਚ ਦੋਸ਼ ਸਾਬਤ ਹੋਣ ’ਤੇ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਆਪਣੇ ਉੱਪਰ ਲੱਗੇ ਦੋਸ਼ਾਂ ਸਬੰਧੀ ਗੱਲ ਕਰਦੇ ਹੋਏ ਮੁੱਖ ਅਧਿਆਪਕ ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਰੀ ਗਰਾਂਟ ਨਿਯਮਾਂ ਮੁਤਾਬਕ ਖਰਚੀ ਗਈ ਹੈ। ਸਕੂਲ ਵਿੱਚ ਕੀਤੇ ਰੰਗ ਰੋਗਨ ਦੀ ਕੁਆਲਿਟੀ ਸਬੰਧੀ ਉਹਨਾਂ ਸਫ਼ਾਈ ਦਿੰਦੇ ਹੋਏ ਕਿਹਾ ਕਿ ਪਹਿਲਾ ਸਟਾਕ ਬਦਲ ਕੇ ਹੁਣ ਦੂਜੀ ਕੰਪਨੀ ਦਾ ਰੰਗ ਵਰਤਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕੂਲ ਮੁਖੀ ਰਜੇਸ਼ ਕੁਮਾਰ ਦੇ ਖ਼ਿਲਾਫ਼ ਕੀਤੀ ਲਿਖ਼ਤੀ ਸ਼ਿਕਾਇਤ ਦੀ ਕਾਪੀ ਪੰਚਾਇਤ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਪੰਜਾਬ ਵਿਜੀਲੈਂਸ ਬਿਊਰੋ ਅਤੇ ਡੀਸੀ ਬਰਨਾਲਾ ਨੂੰ ਕੀਤੀ ਗਈ ਸੀ।

Gee98 Ads
error: Content is protected !!