Gee 98News

ਚੰਡੀਗੜ੍ਹ ,13 ਅਪ੍ਰੈਲ , Gee98 News service-

-ਸਰਕਾਰ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ ਇਸ ਵਾਰ ਅਮਰਨਾਥ ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ 57 ਦਿਨਾਂ ਦੀ ਹੋਵੇਗੀ। ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਵੇਗਾ ਇਸ ਵਾਰ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਅਮਰਨਾਥ ਯਾਤਰਾ ਲਈ ਯੈੱਸ ਬੈਂਕ, ICICI ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਐਕਸਿਸ ਬੈਂਕ ਦੀਆਂ ਬਰਾਂਚਾਂ ਵਿੱਚ ਯਾਤਰਾ ਦੇ ਰਜਿਸਟਰੇਸ਼ਨ ਫਾਰਮ ਮਿਲਣਗੇ। ਇਸ ਤੋਂ ਇਲਾਵਾ ਸ੍ਰੀ ਅਮਰਨਾਥ ਜੀ ਸਰਾਈਨ ਬੋਰਡ ਦੀ ਅਧਿਕਾਰਤ ਵੈਬਸਾਈਟ ‘ਤੇ ਵੀ ਆਨਲਾਈਨ ਰਜਿਸਟਰੇਸ਼ਨ ਹੋਵੇਗੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਸ੍ਰੀ ਮਨੋਜ ਸਿਨਹਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਇਸ ਵਾਰ ਟਰੈਕਿੰਗ ਅਤੇ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਲਈ RFID ਦੀ ਕਾਰਡ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਤੀਰਥ ਯਾਤਰੀਆਂ ਲਈ ਗਰੁੱਪ ਐਕਸੀਡੈਂਟਲ ਇਨਸ਼ੋਰੈਂਸ ਕਵਰ ਨੂੰ 5 ਲੱਖ ਤੋਂ ਵਧਾ ਕੇ 10 ਲੱਖ ਤੱਕ ਦਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਯਾਤਰਾ ਦੌਰਾਨ ਜੇਕਰ ਕਿਸੇ ਜਾਨਵਰ ਦੀ ਮੌਤ ਹੋ ਜਾਂਦੀ ਹੈ ਤਾਂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਪਰਾਜਪਾਲ ਨੇ ਦੱਸਿਆ ਕਿ 13 ਸਾਲ ਤੋਂ 70 ਸਾਲ ਤੱਕ ਦੀ ਉਮਰ ਵਾਲੇ ਸ਼ਰਧਾਲੂ ਇਹ ਯਾਤਰਾ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਗੁਫ਼ਾ ਵਿੱਚ ਪਹਿਲੀ ਪੂਜਾ 19 ਜੂਨ ਨੂੰ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!