-ਸ਼ਹਿਰ ਦਾ ਮਾਹੌਲ ਬਣਿਆ ਤਣਾਅਪੂਰਨ, ਭਾਜਪਾ ਵੱਲੋਂ ਅੱਜ ਐਕਸ਼ਨ ਦੀ ਤਿਆਰੀ
ਬਰਨਾਲਾ,19 ਮਈ,( ਨਿਰਮਲ ਸਿੰਘ ਪੰਡੋਰੀ )-
ਨਗਰ ਨਿਗਮ ਚੋਣਾਂ ਬਰਨਾਲਾ ਲਈ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਕੱਲ੍ਹ ਪੜ੍ਹਤਾਲ ਦੌਰਾਨ ਸ਼ਹਿਰ ਦੇ ਵਾਰਡ ਨੰਬਰ 31 ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਦੱਸ ਦੇਈਏ ਕਿ ਇਸ ਵਾਰਡ ਤੋਂ ‘ਆਪ’ ਦੀ ਟਿਕਟ ‘ਤੇ ਨੀਰਜ ਮਿੱਤਲ ਦੀ ਪਤਨੀ, ਭਾਜਪਾ ਦੀ ਟਿਕਟ ‘ਤੇ ਜੋਗਿੰਦਰ ਪਾਲ ਟਿੰਕੂ ਦੀ ਪਤਨੀ ਅਤੇ ਇੱਕ ਹੋਰ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦ ਇਹ ਖ਼ਬਰ ਸਾਹਮਣੇ ਆਈ ਕਿ ‘ਆਪ’ ਉਮੀਦਵਾਰ ਦੇ ਇਸ਼ਾਰੇ ‘ਤੇ ਸ਼ਹਿਰ ਦੀ ਕਿਸੇ ਮਹਿਲਾ ਵੋਟਰ ਵੱਲੋਂ ਕੀਤੇ ਇਤਰਾਜ ਤੋਂ ਬਾਅਦ ਭਾਜਪਾ ਤੇ ਆਜ਼ਾਦ ਉਮੀਦਵਾਰ ਤੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾ ਰਹੇ ਹਨ। ਇਹ ਸੂਚਨਾ ਸ਼ਹਿਰ ਵਿੱਚ ਪਹੁੰਚਦੇ ਹੀ ਵੱਡੀ ਗਿਣਤੀ ਵਿੱਚ ਭਾਜਪਾ ਦੇ ਸਮਰਥਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕੱਠੇ ਹੋ ਗਏ। ਇਸ ਮੌਕੇ ਪੁਲਿਸ ਨੇ ਸਥਿਤੀ ਨੂੰ ਭਾਂਪਦੇ ਹੋਏ ਵੱਡੀ ਗਿਣਤੀ ਵਿੱਚ ਸੁਰੱਖਿਆ ਪ੍ਰਬੰਧ ਵੀ ਕੀਤੇ। ਕਈ ਘੰਟਿਆਂ ਦੇ ਤਣਾਅਪੂਰਨ ਮਾਹੌਲ ਤੋਂ ਬਾਅਦ ਆਖਰ ਇਤਰਾਜ਼ ਕਰਨ ਵਾਲੀ ਮਹਿਲਾ ਸਾਹਮਣੇ ਆਈ ਤੇ ਉਸਨੇ ਲਿਖ਼ਤੀ ਤੌਰ ‘ਤੇ ਆਪਣੇ ਇਤਰਾਜ਼ ਵਾਪਸ ਲੈ ਲਏ ਜਿਸ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਨੇ ਭਾਜਪਾ ਅਤੇ ਆਜ਼ਾਦ ਉਮੀਦਵਾਰ ਨੂੰ ਕਿਹਾ ਕਿ ਤੁਹਾਡੇ ਨਾਮਜ਼ਦਗੀ ਪੱਤਰ ਠੀਕ ਹਨ, ਤੁਸੀਂ ਕੱਲ੍ਹ ਮੰਗਲਵਾਰ ਆਪਣਾ ਚੋਣ ਨਿਸ਼ਾਨ ਲੈ ਜਾਇਓ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਦੇ ਸਮਰਥਕਾਂ ਨੇ ਜੇਤੂ ਨਾਅਰੇ ਲਾਉਂਦੇ ਹੋਏ ਸ਼ਹਿਰ ਵਿੱਚ ਮਾਰਚ ਵੀ ਕੀਤਾ ਪ੍ਰੰਤੂ ਇਸ ਮਾਮਲੇ ਸਬੰਧੀ ਦੇਰ ਰਾਤ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਜਿਸ ਤਹਿਤ ਰਿਟਰਨਿੰਗ ਅਧਿਕਾਰੀ ਨੇ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ। ਇਸ ਦੀ ਪੁਸ਼ਟੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਆਜ਼ਾਦ ਉਮੀਦਵਾਰ ਸਵੀਟੀ ਦੇ ਪਤੀ ਦੀਪਕ ਨੇ ਵੀ ਕੀਤੀ। ਹੁਣ ਸ਼ਹਿਰ ਦਾ ਮਾਹੌਲ ਰਾਤ ਤੋਂ ਹੀ ਤਣਾਅਪੂਰਨ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਸਮਰਥਕਾਂ ਨੇ ਸ਼ਹਿਰ ਦੇ ਫਰਵਾਹੀ ਬਾਜ਼ਾਰ ਵਿੱਚ ਇਸ ਸਬੰਧੀ ਅੱਜ ਇੱਕ ਵੱਡਾ ਇਕੱਠ ਰੱਖਿਆ ਹੈ ਜਿਸ ਤੋਂ ਬਾਅਦ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਦੂਜੇ ਪਾਸੇ ਸ਼ਹਿਰ ਦੇ ਆਮ ਲੋਕਾਂ ਵੱਲੋਂ ਇਸ ਮਾਮਲੇ ‘ਚ ਸਥਾਨਕ ਸੱਤਾਧਾਰੀ ਆਗੂਆਂ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਬਿਨਾਂ ਕਿਸੇ ਕਾਰਨ ਤੋਂ ਮਨਘੜਤ ਇਤਰਾਜ਼ ਲਗਾ ਕੇ ਕਿਸੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਵਰਗੀ ਕਾਰਵਾਈ ਨਾਲ ਸ਼ਹਿਰ ਦਾ ਭਾਈਚਾਰਾ ਵਿਗਾੜਨ ਦੀ ਯਤਨ ਕੀਤੇ ਜਾ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਧੱਕੇਸ਼ਾਹੀ ਦਾ ਸੇਕ ਸੱਤਾਧਾਰੀ ਉਮੀਦਵਾਰਾਂ ਨੂੰ ਸ਼ਹਿਰ ਦੇ ਹੋਰ ਵਾਰਡਾਂ ਵਿੱਚ ਲੱਗ ਸਕਦਾ ਹੈ। ਜਦੋਂ ਇਸ ਮਾਮਲੇ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਚੋਣ ਪ੍ਰਕਿਰਿਆ ਨਾਲ ਜ਼ਿੰਮੇਵਾਰ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 31 ਤੋਂ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਮਾਮਲਾ ਅੱਜ ਹੀ ਹਾਈਕੋਰਟ ਵੀ ਪੁੱਜ ਜਾਵੇਗਾ। ਇਸ ਸਮੁੱਚੀ ਕਾਰਵਾਈ ਸਬੰਧੀ ਪੂਰੇ ਸ਼ਹਿਰ ਅੰਦਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਦੀ ਭੂਮਿਕਾ ‘ਤੇ ਵੀ ਸਵਾਲ ਉੱਠ ਰਹੇ ਹਨ।
ਫੋਟੋ ਕੈਪਸ਼ਨ-ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਦੀ ਤਸਵੀਰ







