ਚੰਡੀਗੜ੍ਹ,31ਮਈ, Gee98 News service-
ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ਪ੍ਰੀਖਿਆਵਾਂ ਵਿੱਚ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਕੀਤਾ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਰੱਖੇ ਇੱਕ ਸਮਾਗਮ ਵਿੱਚ ਇੱਕ ਵਿਦਿਆਰਥਣ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹਾ ਸਵਾਲ ਕੀਤਾ ਕਿ ਮੁੱਖ ਮੰਤਰੀ ਨੂੰ ਮੌਕੇ ‘ਤੇ ਹੀ ਨਿਯਮ ਬਦਲਣ ਦੇ ਹੁਕਮ ਦੇਣੇ ਪਏ। ਦੱਸ ਦੇਈਏ ਕਿ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਟਾੱਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ “ਸਿਤਾਰੇ ਜ਼ਮੀਂ ਪਰ” ਸਮਾਗਮ ਦਾ ਆਯੋਜਨ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਟਾੱਪਰ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੱਕ ਵਿਦਿਆਰਥਣ ਨੇ ਸਵਾਲ ਉਠਾਇਆ ਕਿ ਬੋਰਡ ਦੀਆਂ ਕਲਾਸਾਂ ਵਿੱਚੋਂ ਇੱਕੋ ਜਿਹੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਤੈਅ ਕਰਨਾ ਗ਼ਲਤ ਹੈ। ਵਿਦਿਆਰਥਣ ਨੇ ਕਿਹਾ ਕਿ ਸਾਰੇ ਬੱਚੇ ਅਤੇ ਅਧਿਆਪਕ ਬਰਾਬਰ ਮਿਹਨਤ ਕਰਦੇ ਹਨ ਪ੍ਰੰਤੂ ਨਤੀਜਾ ਆਉਣ ‘ਤੇ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਅੱਗੇ ਅਤੇ ਵੱਧ ਉਮਰ ਵਾਲੇ ਵਿਦਿਆਰਥੀ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਵਿਦਿਆਰਥਣ ਵੱਲੋਂ ਮੁੱਖ ਮੰਤਰੀ ਅੱਗੇ ਤਰਕ ਨਾਲ ਉਠਾਏ ਇਸ ਸਵਾਲ ਤੋਂ ਬਾਅਦ ਹਾਲ ਵਿੱਚ ਤਾੜੀਆਂ ਗੂੰਜ ਉੱਠੀਆਂ। ਵਿਦਿਆਰਥਣ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 500-500 ਅੰਕ ਹਾਸਲ ਕੀਤੇ ਹਨ ਪ੍ਰੰਤੂ ਇਸਦੇ ਬਾਵਜੂਦ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਦਿੱਤਾ ਗਿਆ ਹੈ। ਵਿਦਿਆਰਥਣ ਨੇ ਸਵਾਲ ਉਠਾਇਆ ਕਿ ਜਦੋਂ ਤਿੰਨਾਂ ਦੇ ਅੰਕ ਇੱਕੋ ਜਿਹੇ ਹਨ ਅਤੇ ਉਹ ਇੱਕੋ ਹੀ ਕਲਾਸ ਦੀਆਂ ਵਿਦਿਆਰਥਣਾਂ ਹਨ ਤਾਂ ਸਾਰਿਆਂ ਨੂੰ ਪਹਿਲਾਂ ਸਥਾਨ ਕਿਉਂ ਨਹੀਂ ਦਿੱਤਾ ਗਿਆ। ਵਿਦਿਆਰਥਣ ਨੇ ਕਿਹਾ ਕਿ ਮੰਚ ‘ਤੇ ਸਨਮਾਨ ਲਈ ਸਿਰਫ਼ ਇੱਕੋ ਵਿਦਿਆਰਥਣ ਨੂੰ ਬੁਲਾਇਆ ਗਿਆ ਜਦਕਿ ਤਿੰਨਾਂ ਦੇ ਅੰਕ ਇੱਕੋ ਜਿਹੇ ਹਨ। ਵਿਦਿਆਰਥਣ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਵਿੱਖ ‘ਚ ਬੋਰਡ ਦੀ ਕਿਸੇ ਵੀ ਕਲਾਸ ਵਿੱਚੋਂ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਰਾਬਰ ਸਥਾਨ ਦਿੱਤਾ ਜਾਵੇ।
ਫੋਟੋ ਕੈਪਸ਼ਨ- ਚੰਡੀਗੜ੍ਹ ‘ਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ‘ਸਿਤਾਰੇ ਜ਼ਮੀਂ ਪਰ’ ਦੀ ਤਸਵੀਰ









