Skip to main content

Gee 98News

ਲਾ ਲਾ…ਲਾ ਲਾ ਹੋਗੀ ਮਿੱਤਰਾ…ਸੱਚਾਈ ਦੱਸਦੇ ਪੁਲਸੀਆ ਯਾਰਾ…!

-ਬਰਨਾਲਾ ‘ਚ ਚਿੱਟੇ ਤੇ ਤਸਕਰ ਨੂੰ ਪੈਸੇ ਲੈ ਕੇ ਛੱਡਣ ਦੀ ਚਰਚਾ ਜ਼ੋਰਾਂ ਤੇ…!

ਬਰਨਾਲਾ, 19 ਸਤੰਬਰ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਪੁਲਿਸ ਭਾਰਤ ਦੇ ਰਾਜਾਂ ਵਿੱਚ ਇੱਕ ਮਾਡਲ ਪੁਲਿਸ ਫੋਰਸ ਵਜੋਂ ਮੰਨੀ ਜਾਂਦੀ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਭਾਰਤ ਦੇ ਕਈ ਅਜਿਹੇ ਰਾਜ ਹਨ ਜਿਨਾਂ ਨੇ ਪੰਜਾਬ ਪੁਲਿਸ ਦਾ ਕੰਮ ਕਰਨ ਦਾ ਢੰਗ ਤਰੀਕਾ ਅਪਣਾਇਆ ਹੈ। ਪੰਜਾਬ ਪੁਲਿਸ ਨੂੰ ਇੱਕ ਦਲੇਰ ਪੁਲਿਸ ਫੋਰਸ ਵੀ ਮੰਨਿਆ ਜਾਂਦਾ ਹੈ ਪ੍ਰੰਤੂ ਕਈ ਵਾਰ ਪੰਜਾਬ ਪੁਲਿਸ ਦੀਆਂ ਕੁਝ ਟੀਮਾਂ ਕਾਰਵਾਈ ਕਰਨ ਸਮੇਂ ਇੰਨੀ ਦਲੇਰੀ ਵਰਤ ਜਾਂਦੀਆਂ ਹਨ ਕਿ ਇਹਨਾਂ ਨੂੰ ਨਿਯਮਾਂ ਦਾ ਖ਼ਿਆਲ ਵੀ ਨਹੀਂ ਰਹਿੰਦਾ ਅਤੇ ਪੰਜਾਬ ਪੁਲਿਸ ਦੀਆਂ ਇਹ ਕਾਰਵਾਈਆਂ ਸਮੁੱਚੀ ਪੁਲਿਸ ਫੋਰਸ ਲਈ ਕਾਨੂੰਨੀ ਅਤੇ ਸਮਾਜਿਕ ਕਿਰਕਰੀ ਦਾ ਕਾਰਨ ਬਣ ਜਾਂਦੀਆਂ ਹਨ। ‌ਬਰਨਾਲਾ ‘ਚ ਅੱਜਕੱਲ੍ਹ ਅਜਿਹੀ ਇਕ ਘਟਨਾ ਚਰਚਾ ਵਿੱਚ ਹੈ ਜੋ ਬਰਨਾਲਾ ਦੇ ਇੱਕ ਸਥਾਨਕ ਨਿਊਜ਼ ਪੋਰਟਲ ਵੱਲੋਂ ਖ਼ਬਰ ਲੱਗਣ ਤੋਂ ਬਾਅਦ ਸਾਹਮਣੇ ਆਈ। ਖ਼ਬਰ ਅਨੁਸਾਰ ਥਾਣਾ ਮਹਿਲ ਕਲਾਂ ਦੇ ਇੱਕ ਪਿੰਡ ਵਿੱਚ ਪੁਲਿਸ ਨੇ ਰੇਡ ਕਰਕੇ ਚਿੱਟੇ ਦੇ ਇੱਕ ਵੱਡੇ ਤਸਕਰ ਨੂੰ ਚਿੱਟੇ ਸਮੇਤ ਦਬੋਚਿਆ ਪ੍ਰੰਤੂ ਮਾਮਲਾ ਲੱਖਾਂ ਰੁਪਏ ਦਾ ਲੈਣ ਦੇਣ ਕਰਕੇ ਨਿਬੇੜ ਦਿੱਤਾ ਗਿਆ। ਇਸ ਖ਼ਬਰ ਵਿੱਚ ਮੌਕੇ ‘ਤੇ ਫੜੇ ਗਏ ਚਿੱਟੇ ਦੀ ਮੌਜੂਦਗੀ ਸਬੰਧੀ ਵੀ ਸਵਾਲ ਉਠਾਇਆ ਗਿਆ ਹੈ। ਖ਼ਬਰ ‘ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਲੱਖਾਂ ਰੁਪਏ ਦੇ ਲੈਣ ਦੇਣ ‘ਚ ਵੱਡੇ ਅਫ਼ਸਰਾਂ ਨੇ ਵੀ ਮੁੱਠੀ ਗਰਮ ਕੀਤੀ ਹੈ। ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੌਰਾਨ ਅਜਿਹੀਆਂ ਖ਼ਬਰਾਂ ਆਮ ਲੋਕਾਂ ਦੇ ਰੌਂਗਟੇ ਖੜੇ ਕਰ ਦਿੰਦੀਆਂ ਹਨ, ਉਹ ਵੀ ਅਜਿਹੇ ਸਮੇਂ ਦੌਰਾਨ ਜਦੋਂ ਮੁੱਖ ਮੰਤਰੀ, ਵਿਧਾਇਕ ਅਤੇ ‘ਆਪ’ ਦੇ ਸਾਰੇ ਵਲੰਟੀਅਰ, ਪੁਲਿਸ ਫੋਰਸ ਨਸ਼ੇ ਦੇ ਖ਼ਾਤਮੇ ਲਈ ਮੈਦਾਨ ਵਿੱਚ ਉਤਰੀ ਹੋਈ ਹੈ। ‌ ਅਜਿਹੇ ਸਮੇਂ ਦੌਰਾਨ ਜੇਕਰ ਪੁਲਿਸ ਨਾਲ ਸੰਬੰਧਿਤ ਕੋਈ ਉਕਤ ਖਬਰ ਵਰਗੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਇਹ ਆਪਣੇ ਆਪ ਵਿੱਚ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਖ਼ਿਲਾਫ਼ ਅਤੇ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਬੰਧੀ ਇਮਾਨਦਾਰੀ ‘ਤੇ ਵੱਡੇ ਸਵਾਲ ਖੜੇ ਕਰਦੀ ਹੈ। ਹੁਣ ਜੇਕਰ ਧੂੰਆਂ ਨਿਕਲਿਆ ਤਾਂ ਅੱਗ ਤਾਂ ਕਿਧਰੇ ਲੱਗੀ ਹੀ ਹੋਵੇਗੀ ਭਾਵ ਕਿ ਜੇਕਰ ਖ਼ਬਰ ਲੱਗੀ ਹੈ ਤਾਂ ਮਾਮਲਾ ਤਾਂ ਕੁਝ ਨਾ ਕੁਝ ਹੋਵੇਗਾ ਹੀ, ਪ੍ਰੰਤੂ ਇਸ ਮਾਮਲੇ ਸਬੰਧੀ ਬਰਨਾਲਾ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਚੁੱਪੀ ਧਾਰਨ ਕੀਤੀ ਹੋਈ ਹੈ ਜਾਣਿ ਕਿ ਪੁੱਛਣ ‘ਤੇ ਵੀ ਕਿਸੇ ਪੱਤਰਕਾਰ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ। ਖ਼ਬਰ ਵਿੱਚ ਜ਼ਿਕਰ ਹੈ ਕਿ ਸਬੰਧਿਤ ਪਿੰਡ ਥਾਣਾ ਮਹਿਲ ਕਲਾਂ ਅਧੀਨ ਪੈਂਦਾ ਹੈ ਇਸ ਕਰਕੇ ਜਦੋਂ ਪੱਤਰਕਾਰਾਂ ਨੇ ਥਾਣਾ ਮਹਿਲਕਲਾਂ ਦੇ ਐਸਐਚਓ ਕੁਲਵਿੰਦਰ ਸਿੰਘ ਨੂੰ ਸਬੰਧਤ ਖ਼ਬਰ ਦੇ ਮਜ਼ਮੂਨ ਸਬੰਧੀ ਪੁੱਛਿਆ ਤਾਂ ਐਸਐਚਓ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਨਾਂ ਦੇ ਥਾਣੇ ਦੇ ਕਿਸੇ ਪੁਲਿਸ ਮੁਲਾਜ਼ਮ ਦਾ ਖ਼ਬਰ ਵਿੱਚ ਜ਼ਿਕਰ ਕੀਤੀ ਰੇਡ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਹੈ ਕਿ ਉਹਨਾਂ ਦੇ ਥਾਣੇ ਅਧੀਨ ਪੈਂਦੇ ਕਿਸੇ ਪਿੰਡ ‘ਚ ਅਜਿਹੀ ਰੇਡ ਹੋਈ ਹੈ। ਐਸਐਚਓ ਨੇ ਇਹ ਵੀ ਕਿਹਾ ਕਿ ਜੇਕਰ ਕਿਧਰੇ ਕੋਈ ਰੇਡ ਹੋਈ ਹੈ ਤਾਂ ਇਹ ਰੇਡ ਕਿਸ ਪੁਲਿਸ ਪਾਰਟੀ ਨੇ ਕੀਤੀ ਹੈ ਉਹਨਾਂ ਨੂੰ ਇਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਹੈ। ਐਸ ਐਚ ਓ ਨੇ ਦੱਸਿਆ ਕਿ ਖ਼ਬਰ ਲੱਗਣ ਤੋਂ ਬਾਅਦ ਇਹ ਸਮੁੱਚਾ ਮਾਮਲਾ ਐਸਐਸਪੀ ਦੇ ਧਿਆਨ ਵਿੱਚ ਹੈ ਅਤੇ ਐਸਐਸਪੀ ਹੀ ਇਸ ਮਾਮਲੇ ਦੀ ਅਗਲੇਰੀ ਪੜ੍ਹਤਾਲ ਕਰ ਰਹੇ ਹਨ। ਭਾਵੇਂ ਕਿ ਐਸਐਸਪੀ ਸਾਹਿਬ ਇਸ ਮਾਮਲੇ ਦੀ ਪੜ੍ਹਤਾਲ ਕਰ ਰਹੇ ਹਨ ਪ੍ਰੰਤੂ ਕੀ ਪੜ੍ਹਤਾਲ ਸਬੰਧੀ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਦਿੱਤੀ ਜਾਵੇਗੀ ? ਰੇਡ ਕਰਨ ਵਾਲੇ ਪੁਲਿਸ ਬਰਨਾਲਾ ਦੇ ਕਿਸੇ ਥਾਣੇ ਦੀ ਹੈ ਜਾਂ ਫਿਰ ਬਰਨਾਲਾ ਤੋਂ ਬਾਹਰ ਕਿਸੇ ਥਾਣੇ ਨਾਲ ਸੰਬੰਧਤ ਹੈ ? ਪੁਲਿਸ ਨੇ ਥਾਣਾ ਮਹਿਲ ਕਲਾਂ ਦੇ ਕਿਸ ਪਿੰਡ ‘ਚ ਰੇਡ ਕੀਤੀ, ਚਿੱਟੇ ਦਾ ਤਸਕਰ ਚਿੱਟੇ ਸਮੇਤ ਫੜਿਆ, ਪੈਸੇ ਦਾ ਲੈਣ ਦੇਣ ਹੋਇਆ, ਖ਼ਬਰ ਲੱਗੀ ਤਾਂ ਕੀ ਇਸ ਘਟਨਾ ਨੂੰ ਸੱਚੀ ਮੰਨ ਲਿਆ ਜਾਵੇ ਕਿਉਂਕਿ ਅਜੇ ਤੱਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਸੰਬੰਧਤ ਖ਼ਬਰ ਨੂੰ “ਫੇਕ” (ਮਨਘੜਤ) ਨਹੀਂ ਕਿਹਾ ਹੈ। ਕੀ ਪੁਲਿਸ ਇਸ ਮਾਮਲੇ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਦੇਵੇਗੀ ਜਾਂ ਫਿਰ ਹੋਰ ਘਟਨਾਵਾਂ ਵਾਂਗ ਇਸ ਨੂੰ ਵੀ ਚੁੱਪ ਦੀ ਲੋਈ ਪਾ ਕੇ ਢੱਕ ਦਿੱਤਾ ਜਾਵੇਗਾ। ਇਸ ਘਟਨਾ ਨਾਲ ਜੁੜਿਆ ਕਿ ਦਿਲ ਚ ਦਿਲਚਸਪ ਪੱਖ ਇਹ ਵੀ ਹੈ ਕਿ ਖਬਰ ਸਿਰਫ ਇੱਕੋ ਪੱਤਰਕਾਰ ਦੀ ਹੈ ਪ੍ਰੰਤੂ ਲੋਕਾਂ ਨੇ ਬਰਨਾਲਾ ਦੇ ਕੁਝ ਮੋਢੀ ਪੱਤਰਕਾਰਾਂ ਨੂੰ ਜਾਣਕਾਰੀ ਲੈਣ ਲਈ ਫੋਨ ‘ਤੇ ਫੋਨ ਕੀਤੇ ਜਾ ਰਹੇ ਹਨ ਭਾਵ ਕਿ ਪੁਲਿਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲੋਕਾਂ ਦੀ ਇਸ ਮਾਮਲੇ ‘ਚ ਦਿਲਚਸਪੀ ਹੈ।

Gee98 Ads
error: Content is protected !!