– ਟਰੱਕਾਂ ਵਾਲਿਆਂ ਵੱਲੋਂ ਵੀ ਹੜ੍ਹਤਾਲ ਦੀ ਚਿਤਾਵਨੀ
ਚੰਡੀਗੜ੍ਹ, 20 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਪੈਟਰੋਲ ਪੰਪਾਂ ਦੀ ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਨਵੇਂ UPI ਨਿਯਮਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਪੈਟਰੋਲ ਪੰਪਾਂ ਲਈ ਇਹ ਨਿਯਮ ਵਾਪਸ ਨਾ ਲਏ ਤਾਂ 2000 ਤੋਂ ਜ਼ਿਆਦਾ ਦੀ ਰਕਮ ਦਾ ਪੈਟਰੋਲ ਡੀਜ਼ਲ UPI ਪੇਮੈਂਟ ਰਾਹੀਂ ਨਹੀਂ ਪਾਇਆ ਜਾਵੇਗਾ। ਪੈਟਰੋਲ ਪੰਪਾਂ ਵਾਲਿਆਂ ਨੇ ਸਰਕਾਰ ਦੇ ਨਵੇਂ UPI ਪੇਮੈਂਟ ਤੇ MDR ਦਾ ਵਿਰੋਧ ਕੀਤਾ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦਾ ਕਹਿਣਾ ਹੈ ਕਿ UPI ਦੇ ਨਵੇਂ ਨਿਯਮਾਂ ਨਾਲ ਨੁਕਸਾਨ ਹੋਵੇਗਾ ਇਸ ਲਈ 2000 ਤੋਂ ਵਧੇਰੇ ਡੀਜ਼ਲ ਪੈਟਰੋਲ ਖਰੀਦਣ ‘ਤੇ ਕੈਸ਼ ਪੇਮੈਂਟ ਹੀ ਲਈ ਜਾਵੇਗੀ। ਐਸੋਸ਼ੀਏਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਘੱਟ ਕਮਿਸ਼ਨ ਦਿੱਤਾ ਜਾ ਰਿਹਾ ਹੈ, ਉਹਨਾਂ ਦੇ ਖਰਚੇ ਜ਼ਿਆਦਾ ਹਨ, ਇਸ ਲਈ ਉਹ ਇਹ ਨਵਾਂ ਵਿੱਤੀ ਬੋਝ ਨਹੀਂ ਉਠਾ ਸਕਣਗੇ। ਜੇਕਰ ਪੈਟਰੋਲ ਪੰਪਾਂ ‘ਤੇ 2000 ਤੋਂ ਵੱਧ ਡੀਜ਼ਲ-ਪੈਟਰੋਲ ਮਿਲਣਾ ਬੰਦ ਹੋ ਗਿਆ ਤਾਂ ਇਸ ਨਾਲ ਦੋ-ਪਹੀਆ ਵਾਹਨਾਂ ਨੂੰ ਛੱਡ ਕੇ ਕਾਰ,ਟਰੱਕ,ਬੱਸਾਂ ਤੇ ਹੋਰ ਕਮਰਸ਼ੀਅਲ ਵਾਹਨਾਂ ਨੂੰ ਮੁਸ਼ਕਿਲਾਂ ਖੜੀਆਂ ਹੋਣਗੀਆਂ। ਜਿਹੜੇ ਕਮਰਸ਼ੀਅਲ ਵਹੀਕਲਾਂ ਦੇ ਮਾਲਕ/ਚਾਲਕ ਟੈਂਕੀ ਫੁੱਲ ਕਰਵਾ ਕੇ ਲੰਮੇ ਰੂਟ ‘ਤੇ ਚਲਦੇ ਹਨ ਉਹਨਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹਨਾਂ ਨੂੰ ਇਸ ਪੇਮੈਂਟ ਨਾਲ ਲੈ ਕੇ ਚੱਲਣਾ ਪਵੇਗਾ ਜਿਸ ਨੂੰ ਗੱਡੀ ‘ਚ ਰੱਖਣ ਦੀ ਸਮੱਸਿਆ ਵੀ ਖੜੀ ਹੋਵੇਗੀ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ “ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਭੇਜੀ ਹੈ ਜੇਕਰ ਸਰਕਾਰ ਆਪਣੇ ਫੈਸਲੇ ‘ਤੇ ਅੜੀ ਰਹੀ ਤਾਂ ਮਜ਼ਬੂਰਨ ਸਾਨੂੰ ਆਰਥਿਕ ਨੁਕਸਾਨ ਤੋਂ ਬਚਣ ਲਈ 2000 ਤੋਂ ਵਧੇਰੇ UPI ਪੇਮੈਂਟ ਬੰਦ ਕਰਨੀ ਪਵੇਗੀ”।
-ਪੰਜਾਬ ‘ਚ ਪੰਪਾਂ ਦੀ UPI ਪੇਮੈਂਟ 70 ਕਰੋੜ ਤੋਂ ਵਧੇਰੇ
ਪੰਜਾਬ ‘ਚ ਕਰੀਬ 4000 ਤੋਂ ਵੱਧ ਪੈਟਰੋਲ ਪੰਪ ਹਨ। ਅੰਕੜਿਆਂ ਮੁਤਾਬਿਕ ਪੰਜਾਬ ‘ਚ ਰੋਜ਼ਾਨਾ ਪੈਟਰੋਲ ਪੰਪਾਂ ‘ਤੇ 11 ਤੋਂ 12 ਲੱਖ ਯੂਪੀਆਈ ਪੇਮੈਂਟ ਹੁੰਦੀ ਹੈ, ਇਹ ਪੇਮੈਂਟ ਲੱਗਭੱਗ 65 ਤੋਂ 70 ਕਰੋੜ ਤੱਕ ਬਣ ਜਾਂਦੀ ਹੈ। ਇੱਕ ਅੰਦਾਜ਼ੇ ਮੁਤਾਬਕ ਪੈਟਰੋਲ ਪੰਪ ‘ਤੇ ਤੇਲ ਪਵਾਉਣ ਵਾਲੇ ਲੋਕਾਂ ਵਿੱਚੋਂ 10 ਫੀਸਦੀ ਲੋਕ ਹੀ 2000 ਤੋਂ ਵੱਧ ਦਾ ਤੇਲ ਪਵਾਉਂਦੇ ਹਨ। ਇਸ ਤਰ੍ਹਾਂ UPI ਦੇ ਨਵੇਂ ਨਿਯਮਾਂ ਤਹਿਤ ਪੈਟਰੋਲ ਪੰਪ ਵਾਲਿਆਂ ਨੂੰ ਰੋਜ਼ਾਨਾ 5.5 ਤੋਂ 6 ਲੱਖ ਰੁਪਏ UPI ਚਾਰਜ ਦੇਣਾ ਪਵੇਗਾ, ਇੱਕ ਮਹੀਨੇ ਦੀ ਇਹ ਰਕਮ 1.65 ਤੋਂ ਲੈ ਕੇ 1.80 ਕਰੋੜ ਤੱਕ ਹੋ ਸਕਦੀ ਹੈ।
-ਟਰੱਕ ਯੂਨੀਅਨ ਪੰਜਾਬ ਵੱਲੋਂ ਵੀ ਨਵੇਂ ਨਿਯਮਾਂ ਦਾ ਵਿਰੋਧ
ਦੂਜੇ ਪਾਸੇ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਵੀ UPI ਦੇ ਨਵੇਂ ਨਿਯਮਾਂ ਵਿਰੋਧ ਵਿੱਚ ਨਿੱਤਰ ਆਈ ਹੈ। ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਜੇਕਰ ਪੰਪ ਆਪਰੇਟਰ 2000 ਤੋਂ ਵਧੇਰੇ ਕੈਸ਼ ਪੇਮੈਂਟ ਲੈਣਗੇ ਤਾਂ ਟਰੱਕ ਆਪਰੇਟਰ ਯੂਨੀਅਨ ਵੱਲੋਂ ਹੜ੍ਹਤਾਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਟਰੱਕ ਆਪਰੇਟਰਾਂ ‘ਤੇ ਪਵੇਗਾ। ਇੱਕ ਵਾਰ ਟਰੱਕ ਵਿੱਚ ਡੀਜ਼ਲ ਪਵਾਉਣ ਲਈ 20 ਤੋਂ 50 ਹਜ਼ਾਰ ਰੁਪਏ ਦਾ ਡੀਜ਼ਲ ਪਵਾਉਣਾ ਪੈਂਦਾ ਹੈ, ਲੰਮੇ ਰੂਟ ‘ਤੇ ਜਾਣ ਵਾਲੇ ਵੇਲੇ ਟੈਂਕੀ ਫੁੱਲ ਕਰਵਾ ਕੇ ਤੁਰਨਾ ਪੈਂਦਾ ਹੈ। ਹੁਣ ਜਾਂ ਤਾਂ ਟਰੱਕ ਅਪਰੇਟਰਾਂ ਨੂੰ ਵਾਰ-ਵਾਰ ਪੈਟਰੋਲ ਪੰਪ ‘ਤੇ ਰੁਕਣਾ ਪਵੇਗਾ ਜਾਂ 50-60 ਹਜ਼ਾਰ ਦੀ ਨਗਦੀ ਨਾਲ ਲੈ ਕੇ ਚੱਲਣਾ ਪਵੇਗਾ, ਜਿਸ ਨਾਲ ਲੁੱਟ ਦੀ ਵਾਰਦਾਤ ਦਾ ਵੀ ਡਰ ਬਣਿਆ ਰਹੇਗਾ।