Skip to main content

Gee 98News

ਲੱਤ ‘ਚ ਹੀ ਲੱਗੀ ਹੋਈ ਸੀ ਸਰਿੰਜ…ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਬਰਨਾਲਾ ,26 ਸਤੰਬਰ ( ਨਿਰਮਲ ਸਿੰਘ ਪੰਡੋਰੀ )-

-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹਿਜੜਾ ਵਿੱਚ ਅੱਜ ਸਵੇਰੇ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਕਿਸੇ ਵਿਅਕਤੀ ਨੇ ਪਿੰਡ ਦੇ ਨੇੜਿਓ ਲੰਘਦੀ ਡਰੇਨ ਦੀ ਪਟੜੀ ‘ਤੇ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਤਾਂ ਪਿੰਡ ਵਿੱਚ ਧਾਰਮਿਕ ਸਥਾਨਾਂ ਤੋਂ ਅਨਾਉਂਸਮੈਂਟ ਕਰਵਾਈ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਪਿੰਡ ਦੇ ਲੋਕਾਂ ਨੇ ਲਾਸ਼ ਦੀ ਸ਼ਨਾਖਤ ਬਲਜਿੰਦਰ ਸਿੰਘ ਉਮਰ ਕਰੀਬ 27 ਸਾਲ ਦੇ ਰੂਪ ‘ਚ ਕੀਤੀ। ਮੌਕੇ ‘ਤੇ ਪੁੱਜੇ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੀ ਲਾਸ਼ ਮੂਧੇ ਮੂੰਹ ਪਈ ਸੀ ਉਸਨੇ ਲੱਤ ਵਿੱਚ ਨਸ਼ੇ ਦਾ ਟੀਕਾ ਲਗਾਇਆ ਹੋਇਆ ਸੀ ਅਤੇ ਸਰਿੰਜ ਉਸਦੀ ਦੀ ਲੱਤ ਵਿੱਚ ਹੀ ਲੱਗੀ ਹੋਈ ਸੀ ਜਿਸ ਦੀਆਂ ਫੋਟੋਆਂ ਅਤੇ ਵੀਡੀਓ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਨਸ਼ੇ ਦਾ ਆਦੀ ਸੀ,ਉਹ ਕੁਝ ਸਮੇਂ ਤੋਂ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਸੀ ਅਤੇ 25 ਸਤੰਬਰ ਸ਼ਾਮ ਨੂੰ ਨਸ਼ਾ ਛਡਾਊ ਕੇਂਦਰ ਵਿੱਚੋਂ ਉਸ ਨੂੰ ਘਰ ਲਿਆਂਦਾ ਗਿਆ ਸੀ ਪ੍ਰੰਤੂ 26 ਸਤੰਬਰ ਨੂੰ ਸਵੇਰੇ ਉਹ ਮੋਟਰਸਾਈਕਲ ਲੈ ਕੇ ਘਰੋਂ ਨਿਕਲ ਗਿਆ ਤੇ ਅੱਠ ਕੁ ਵਜੇ ਉਸਦੀ ਲਾਸ਼ ਡਰੇਨ ‘ਤੇ ਪਈ ਹੋਣ ਦੀ ਸੂਚਨਾ ਪਰਿਵਾਰਿਕ ਮੈਂਬਰਾਂ ਨੂੰ ਮਿਲੀ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਇਸ ਮੌਤ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਵੀ ਸਵਾਲੀਆ ਨਿਸ਼ਾਨ ਲਗਾਏ ਹਨ ਕਿ ਆਖ਼ਰ ਮਹਿਲ ਕਲਾਂ ਖੇਤਰ ਵਿੱਚ ਨਸ਼ਾ ਕਿੱਥੋਂ ਮਿਲ ਰਿਹਾ ਹੈ। ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਲਜਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਿਵਲ ਹਸਪਤਾਲ ਰਖਵਾਇਆ ਗਿਆ ਹੈ।

error: Content is protected !!