ਬਰਨਾਲਾ, 01 ਜਨਵਰੀ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉੱਪਰ ਵੱਡਾ ਇਲਜ਼ਾਮ ਲਾਉਂਦੇ ਹੋਏ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ 100 ਦਿਨਾਂ ਦਾ ਲੇਖਾ ਜੋਖਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਫਾਈਲ ਰਾਜਪਾਲ ਜੀ ਦੱਬੀ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਮੰਤਰੀਆਂ ਨੂੰ ਨਾਲ ਲੈ ਕੇ ਰਾਜਪਾਲ ਨੂੰ ਮਿਲਣਗੇ। ਆਪਣੀ ਸਰਕਾਰ ਦੇ ਕਾਰਜਕਾਲ ਦੇ ਕੁਝ ਦਿਨ ਬਾਕੀ ਰਹਿਣ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਦਿੱਤੇ ਇਸ ਬਿਆਨ ਨੂੰ ਕੱਚੇ ਮੁਲਾਜ਼ਮ ਢੀਠਤਾਈ ਦੀ ਹੱਦ ਦੱਸ ਰਹੇ ਹਨ ਕਿਉਂਕਿ ਚੋਣ ਜ਼ਾਬਤਾ ਲੱਗਣ ’ਚ ਕੁਝ ਦਿਨ ਹੀ ਬਾਕੀ ਹਨ। ਕੱਚੇ ਮੁਲਾਜ਼ਮਾਂ ਨੇ ਪੰਜਾਬ ਕਾਂਗਰਸ ਨੂੰ ਚੇਤੇ ਕਰਵਾਇਆ ਕਿ ਪੱਕੇ ਕਰਨ ਸੰਬੰਧੀ ਵਾਅਦਾ ਪੂਰਾ ਨਾ ਹੋਇਆ ਤਾਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੂੰ ਰੋਹ ਦਾ ਸਾਹਮਣਾ ਕਰਨਾ ਪਵੇਗਾ। ਕੱਚੇ ਮੁਲਾਜ਼ਮ ਮਹਿਸੂਸ ਕਰ ਰਹੇ ਹਨ ਕਿ ਮੁੱਖ ਮੰਤਰੀ ਨੇ ਪੱਕੇ ਕਰਨ ਦੇ ਵਾਅਦੇ ਸੰਬੰਧੀ ਟੇਢੇ ਢੰਗ ਨਾਲ ਹੱਥ ਜੋੜ ਦਿੱਤੇ ਹਨ।